ਜਰੂਰ ਪੜ੍ਹੋ । ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਥੇ ਗੋਰੇ ਵੀ ਨੌਕਰੀ ਕਰਨ ਆਉਂਦੇ ਸੀ l ਮਾਣ ਨਾਲ ਸ਼ੇਅਰ ਕਰੋ

504

ਅੱਜ ਦੀ ਤਾਰੀਖ ਵਿੱਚ ਜਦ ਪੰਜਾਬੀ ਨੌਜਵਾਨ ਅਤੇ ਮੁਟਿਆਰਾਂ ਬਿਹਤਰ ਜੀਵਨ ਜਿਉਣ ਦੀਆਂ ਸੰਭਾਵਨਾਵਾਂ ਲੱਭਣ ਲਈ ਕਈ ਹੀਲੇ ਵਰਤ ਕਿ ਪੱਛਮੀ ਦੇਸ਼ਾਂ ਵਿੱਚ ਦਾਖਿਲ ਹੋ ਰਹੇ ਹਨ, ਵੱਖ-ਵੱਖ ਕਾਨੂੰਨੀ ਢੰਗ ਵਰਤ ਕੇ ਉੱਥੋਂ ਦੇ ਵਸਨੀਕ ਬਣ ਕਰ ਰਹੇ ਹਨ, ਇਹਨਾ ਦੇਸ਼ਾਂ ਵਿੱਚ ਮਿਹਨਤ-ਮਜਦੂਰੀ ਦਾ ਹੱਡ ਭੰਨਵਾਂ ਕੰਮ ਮਿਲਣ ਤੇ ਆਪਣੇ ਆਪ ਨੂੰ ਖੁਸ਼ਕਿਸਮਤ ਮਹਿਸੂਸ ਕਰਦੇ ਹਨ ਤਾਂ ਇਸ ਤੱਥ ਦਾ ਅਤਿਕਥਨੀ ਲੱਗਣਾ ਸੁਭਾਵਿਕ ਹੈ ਕਿ ਕਦੇ ਰੋਜੀ ਰੋਟੀ ਦੀ ਤਲਾਸ਼ ਅਤੇ ਬਿਹਤਰ ਜੀਵਨ ਗੁਜਾਰਨ ਲਈ ਯੂਰਪ ਅਤੇ ਅਮਰੀਕਾ ਦੇ ਹੁਨਰਮੰਦਾਂ ਨੇ ਵੀ ਪੰਜਾਬ ਦਾ ਰੁਖ ਕੀਤਾ ਸੀ।

ਇਹ ਇੱਕ ਇਤਿਹਾਸਕ ਸੱਚਾਈ ਹੈ ਕਿ 19ਵੀਂ ਸਦੀ ਦੇ ਆਰੰਭਿਕ ਚਾਰ ਦਹਾਕਿਆਂ ਦੌਰਾਨ ਪੰਜਾਬ ਦੀ ਧਰਤੀ ਤੇ ਸਥਾਪਤ ‘ਖਾਲਸਾ ਰਾਜ’ ਦੀ ਖੁਸ਼ਹਾਲੀ ਅਤੇ ਅਮੀਰੀ ਦੇ ਚਰਚੇ ਬਰਤਾਨੀਆਂ ਦੇ ਮਹਿਲਾਂ ਵਿੱਚ ਵੀ ਹੁੰਦੇ ਸਨ। ਮਹਾਰਾਜੇ ਦੇ ਪੋਤਰੇ ਕੰਵਰ ਨੌਨਿਹਾਲ ਸਿੰਘ ਦਾ ਵਿਆਹ ਉਨੀਵੀਂ ਸਦੀ ਦਾ ਭਾਰਤ ਦਾ ਸਭ ਤੋਂ ਮਹਿੰਗਾ ਵਿਆਹ ਸੀ ਅਤੇ ਇਸ ਵਿੱਚ ਮਹਿਮਾਨ ਅੰਗਰੇਜ ਅਫਸਰਾਂ ਦੀਆਂ ਅੱਖਾਂ ਖਾਲਸਾ ਰਾਜ ਦੀ ਅਜੀਮ ਸ਼ਾਨੋ-ਸ਼ੌਕਤ ਅਤੇ ਅਮੀਰੀ ਵੇਖ ਕੇ ਅੱਡੀਆਂ ਰਹਿ ਗਈਆਂ ਸਨ। ਮਹਾਰਾਜਾ ਰਣਜੀਤ ਸਿੰਘ ਭਾਰਤੀ ਖਿੱਤੇ ਦਾ ਅਜਿਹਾ ਪਹਿਲਾ ਬਾਦਸ਼ਾਹ ਸੀ ਜਿਸ ਕੋਲ ਨੌਕਰੀ ਕਰਨ ਲਈ ਫਰਾਂਸ, ਇਟਲੀ, ਅਮਰੀਕਾ ਅਤੇ  ਬ੍ਰਿਟੇਨ ਆਦਿ ਤੋਂ ਫੌਜ ਅਤੇ ਪ੍ਰਬੰਧਕੀ ਗੁਣ ਰੱਖਣ ਵਾਲੇ ਲੋਕ ਪਹੁੰਚ ਕਰਦੇ ਸਨ।ਜਨਰਲ ਕਲਾਉਡੇ ਅਗਸਤੇ ਕੋਟ (ਫਰੈਂਚ)- ਫਰਾਂਸ ਦਾ ਜੰਮਪਲ ਅਗਸਤੇ ਕੋਟ 20 ਸਾਲ ਦੀ ਉਮਰ ਵਿੱਚ ਨੈਪੋਲੀਅਨ ਦੀ ਫੌਜ ਵਿੱਚ ਭਰਤੀ ਹੋਇਆ ਪਰ 1815 ਵਿੱਚ ਵਾਟਰਲੂ ਦੀ ਲੜਾਈ ਵਿੱਚ ਹਾਰ ਤੋਂ ਬਾਅਦ ਨੌਕਰੀ ਤੋਂ ਵਿਹਲਾ ਹੋ ਗਿਆ। 1818 ਵਿੱਚ ਇਸਨੇ ਫਰਾਂਸ ਛੱਡ ਦਿੱਤਾ ਅਤੇ ਬਗਦਾਦ ਵਿੱਚ ਪਰਸ਼ੀਅਨ ਫੌਜ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ।ਇੱਥੇ ਹੀ ਉਹ ਇਟਾਲੀਅਨ ਕਰਨਲ ਪਾਉਲੋ ਇਵੇਟਬਲ ਨੂੰ ਮਿਲਿਆ ਅਤੇ 

ਇਹ ਦੋਵੇਂ ਚੰਗੀਆਂ ਸੰਭਾਵਨਾਵਾਂ ਦੀ ਤਲਾਸ਼ ਵਿੱਚ 1827 ਨੂੰ ਸਿੱਖ ਰਾਜ ਦੀ ਰਾਜਧਾਨੀ ਲਾਹੌਰ ਪਹੁੰਚ ਗਏ।ਇਸ ਦਾ ਲੰਮਾ ਫੌਜੀ ਤਜਰਬਾ ਇਸ ਦੇ ਕੰਮ ਆਇਆ ਅਤੇ ਮਹਾਰਾਜੇ ਨੇ ਇਸ ਨੂੰ ਫੌਜ ਦੇ ਤੋਪਖਾਨੇ ਵਿੱਚ ਤੋਪਚੀਆਂ ਨੂੰ ਸਿਖਲਾਈ ਦੇਣ ਦੀ ਜਿੰਮੇਵਾਰੀ ਦਿੱਤੀ। ਇਸ ਤੋਂ ਇਲਾਵਾ ਸ. ਲਹਿਣਾ ਸਿੰਘ ਮਜੀਠੀਆ ਨਾਲ ਮਿਲ ਕੇ ਇਹ ਕਾਰਤੂਸ, ਬੰਦੂਕਾਂ ਅਤੇ ਤੋਪਾਂ ਬਣਾਉਣ ਵਾਲੇ ਕਾਰਖਾਨੇ ਦੇ ਕੰਮ ਦੀ ਨਜਰਸਾਨੀ ਵੀ ਕਰਦਾ ਸੀ। ਇਹ ਹਥਿਆਰ ਬਣਾਉਣ ਦੇ ਮਾਮਲੇ ਵਿੱਚ ਤਕਨੀਕੀ ਅਤੇ ਵਿਗਿਆਨਕ ਢੰਗ ਦੀ ਸੂਝਬੂਝ ਰੱਖਦਾ ਸੀ। ਜਦ ਇਸਨੇ ਕਾਰਖਾਨੇ ਵਿੱਚ ਪਹਿਲਾ ਫਿਊਜ ਵਾਲਾ ਬੰਬ ਤਿਆਰ ਕਰਵਾਇਆ ਤਾਂ ਮਹਾਰਾਜੇ ਨੇ ਇਸਨੂੰ 30,000 ਰੁ. ਦਾ ਨਕਦ ਇਨਾਮ ਦਿੱਤਾ। ਜਾਗੀਰ ਤੋਂ ਇਲਾਵਾ ਇਸਨੂੰ 2500 ਰੁ. ਮਹੀਨਾ ਤਨਖਾਹ ਮਿਲਦੀ ਸੀ। ਖਾਲਸਾ ਫੌਜ ਨੂੰ ਬਿਹਤਰ ਤੋਪਾਂ ਅਤੇ ਵਧੀਆ ਤੋਪਚੀ ਉਪਲਬਧ ਕਰਾਉਣ ਵਿੱਚ ਇਸਦਾ ਸਭ ਤੋਂ ਜਿਆਦਾ ਯੋਗਦਾਨ ਸੀ ।ਇਹ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਵੀ ਇਹ ਸਿੱਖ ਰਾਜ ਦੀ ਸਥਾਪਤੀ ਨੂੰ ਕਾਇਮ ਰੱਖਣ ਲਈ ਸੰਘਰਸ਼ ਕਰਦਾ ਰਿਹਾ।ਐਲੇਗਜੈਂਡਰ ਗਾਡਨਰ (ਅਮਰੀਕਨ)-ਗਾਡਨਰ ਦਾ ਜਨਮ 1785 ਵਿੱਚ ਅਮਰੀਕਾ ਦੇ ਵਿਸਕੋਨਸਿਨ ਪ੍ਰਾਂਤ ਵਿੱਚ ਸਕਾਟ ਮਾਤਾ ਪਿਤਾ ਦੇ ਘਰ ਹੋਇਆ।1812 ਵਿੱਚ ਇਸਨੇ ਸਦਾ ਲਈ ਅਮਰੀਕਾ ਦੀ ਧਰਤੀ

ਛੱਡ ਦਿੱਤੀ ਅਤੇ ਯੂਰਪ ਆ ਗਿਆ।ਇਸ ਨੇ ਰਸ਼ੀਅਨ ਫੌਜ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਪਰ ਕਿਤੇ ਵੀ ਟਿਕ ਕੇ ਨਾ ਬੈਠ ਸਕਿਆ। ਲਗਭਗ 13 ਸਾਲ ਇਹ ਮੱਧ ਏਸ਼ੀਆ ਵਿੱਚ ਘੁੰਮਦਾ ਰਿਹਾ। ਇਸ ਨੇ ਅਫਗਾਨਿਸਤਾਨ ਵਿੱਚ ਹਬੀਬ ਉੱਲਾ ਖਾਨ ਕੋਲ ਵੀ ਨੌਕਰੀ ਕੀਤੀ।
ਜਿੰਦਗੀ ਦੇ ਬਹੁਤ ਉੱਚੇ-ਨੀਵੇਂ ਪੜਾਵਾਂ ਵਿੱਚੋਂ ਗੁਜਰਦਾ ਹੋਇਆ ਇਹ 1831 ਨੂੰ ਪੰਜਾਬ ਪਹੁੰਚਿਆ ਅਤੇ ਸਿੱਖ ਫੌਜਾਂ ਵਿੱਚ ਇੱਕ ਸਿਪਾਹੀ ਵਜੋਂ ਸ਼ਾਮਿਲ ਹੋਇਆ।ਕੋਈ 100 ਕੁ ਵਿਦੇਸ਼ੀ ਸਿਪਾਹੀਆਂ ਦੀ ਟੁਕੜੀ ਵਿੱਚ ਇਸਨੇ ਪ੍ਰਭਾਵਸ਼ਾਲੀ ਸ਼ਖਸ਼ੀਅਤ ਨਾਲ ਵੱਖਰੀ ਪਛਾਣ ਬਣਾ ਲਈ ਅਤੇ ਤਰੱਕੀ ਕਰਦਾ ਹੋਇਆ ਕਰਨਲ ਦੇ ਪਦ ਤੱਕ ਪਹੁੰਚ ਗਿਆ।ਬੰਦੂਕ ਅਤੇ ਤਲਵਾਰ ਦੀ ਲੜਾਈ ਵਿੱਚ ਇਸ ਨੂੰ ਮੁਹਾਰਤ ਹਾਸਲ ਸੀ ਅਤੇ ਇਸ ਦੀ ਬਹਾਦਰੀ ਦੇ ਕਈ ਕਾਰਨਾਮੇ ਸਿੱਖ ਫੌਜ ਵਿੱਚ ਮਸ਼ਹੂਰ ਸਨ। ਇਸ ਦੇ ਸਰੀਰ ਤੇ ਜੰਗਾਂ ਦੌਰਾਨ ਬਣੇ ਡੂੰਘੇ ਜਖਮਾਂ ਦੇ 14 ਨਿਸ਼ਾਨ ਸਨ। ਇਸ ਨੇ ਸਿੱਖ ਰਾਜ ਦਾ ਪਤਨ ਆਪਣੀਆਂ ਅੱਖਾਂ ਨਾਲ ਵੇਖਿਆ ਅਤੇ ਪਹਿਲੀ ਐਂਗਲੋ-ਸਿੱਖ ਲੜਾਈ ਵੀ ਲੜੀ। ਇਹ ਕਦੇ ਵੀ ਯੂਰਪ ਜਾਂ ਅਮਰੀਕਾ ਵਾਪਿਸ ਨਹੀਂ ਗਿਆ ਅਤੇ 1877 ਵਿੱਚ ਜੰਮੂ ਵਿੱਚ ਸਦਾ ਲਈ ਅੱਖਾਂ ਮੀਟ ਗਿਆ ਜੀਨ ਫਰੈਂਸੁਸ ਐਲਾਰਡ (ਫਰੈਂਚ)-ਐਲਾਰਡ ਦਾ ਜਨਮ 1785 ਨੂੰ ਸੇਂਟ ਟਰੋਪਜ, ਫਰਾਂਸ ਵਿੱਚ ਹੋਇਆ।ਇਹ ਇੱਕ ਸਿਪਾਹੀ ਵਜੋਂ ਫਰਾਂਸੀਸੀ ਫੌਜ ਵਿੱਚ ਭਰਤੀ ਹੋਇਆ ਅਤੇ ਤਰੱਕੀ ਕਰਦਾ ਕੈਪਟਨ ਦੀ ਪਦਵੀ ਤੱਕ ਪਹੁੰਚਿਆ।ਇਸ ਨੇ ਇਟਲੀ, ਸਪੇਨ ਅਤੇ ਪੁਰਤਗਾਲ ਆਦਿ ਵਿੱਚ ਨੈਪੋਲੀਅਨ ਦੀ ਅਗਵਾਈ ਹੇਠ ਜੰਗੀ ਜੌਹਰ ਦਿਖਾਏ। ਵਾਟਰਲੂ ਦੀ ਲੜਾਈ ਤੋਂ ਬਾਅਦ ਇਸ ਨੇ ਵੀ ਹਜਾਰਾਂ ਹੋਰ ਫੌਜੀਆਂ ਦੀ ਤਰਾਂ ਮੱਧ-ਏਸ਼ੀਆ ਦਾ ਰੁਖ ਕੀਤਾ ਅਤੇ ਪਰਸ਼ੀਆ ਵਿੱਚ ਮਿਰਜ਼ਾ ਅੱਬਾਸ ਨੂੰ ਸੇਵਾਵਾਂ ਪੇਸ਼ ਕੀਤੀਆਂ।ਇਸ ਨਾਲ ਕਰਨਲ ਦਾ ਪਦ ਦੇਣ ਦਾ ਵਾਅਦਾ ਕੀਤਾ ਗਿਆ ਪਰ ਇਸ ਨੂੰ ਇਸਦੀ ਸ਼ਖਸ਼ੀਅਤ ਅਤੇ ਹੁਨਰ ਮੁਤਾਬਿਕ ਢੁਕਵਾਂ ਸਤਿਕਾਰ ਨਾ ਮਿਲਿਆ।ਦਰਅਸਲ ਅੰਗ੍ਰੇਜ ਸਰਕਾਰ ਨੈਪੋਲੀਅਨ ਦੇ ਭਟਕ ਰਹੇ ਜਨਰਲਾਂ ਦੀ ਲਗਾਤਾਰ ਸੂਹ ਰੱਖਦੀ ਸੀ ਅਤੇ ਉਹਨਾ ਦੇ ਦੁਬਾਰਾ ਪੈਰਾਂ ਤੇ ਖੜੇ ਹੋਣ ਦੇ ਰਾਹ ਵਿੱਚ ਰੁਕਾਵਟਾਂ ਪਾਉਂਦੀ ਸੀ ਜਿਵੇਂ 1821 ਵਿੱਚ ਬ੍ਰਿਟਿਸ਼ ਸਰਕਾਰ ਨੇ ਇਰਾਨ ਨੂੰ ਇੱਕ ਵੱਡਾ ਜੰਗੀ ਭੱਤਾ ਦੇਣ ਦਾ ਐਲਾਨ ਇਸ ਸ਼ਰਤ ਤੇ ਕੀਤਾ ਸੀ ਕਿ ਇਰਾਨ ਇਸ ਦੇ ਬਦਲੇ ਫਰਾਂਸ ਦੇ ਸਾਰੇ ਜਨਰਲਾਂ ਨੂੰ ਨੌਕਰੀ ਤੋਂ ਵਿਹਲਾ ਕਰੇਗਾ। ਐਲਾਰਡ ਨੇ ਪਰਸ਼ੀਆ ਵਿੱਚ ਸਿੱਖ ਰਾਜ ਦੀ ਖੁਸ਼ਹਾਲੀ ਦੇ ਕਿੱਸੇ ਸੁਣੇ ਅਤੇ ਚੰਗੇ ਜੀਵਨ ਦੀ ਆਸ ਨਾਲ 1822 ਵਿੱਚ ਜਨਰਲ ਵੈਨਤੁਰਾ ਦੇ ਨਾਲ ਪੰਜਾਬ ਦਾ ਰੁਖ ਕੀਤਾ।ਮਹਾਰਾਜਾ ਇਸ ਪੱਧਰ ਦੇ ਹੁਨਰਮੰਦਾਂ ਦੀ ਭਾਲ ਵਿੱਚ ਸੀ ਪਰ ਇਹਨਾ ਨੂੰ ਜਾਂਚ ਪੜਤਾਲ ਦੇ ਦੌਰ ਵਿੱਚੋਂ ਜਰੂਰ ਗੁਜਰਨਾ ਪਿਆ ਕਿਉਕਿ ਮਹਾਰਾਜਾ ਇਸ ਪਤਾ ਕਰ ਲੈਣਾ ਚਾਹੁੰਦਾ ਸੀ ਕਿ ਇਹ ਅੰਗ੍ਰੇਜੀ ਜਾਸੂਸ ਨਹੀਂ ਹਨ।ਖਾਲਸਾ ਫੌਜ ਦਾ ਹਿੱਸਾ ਬਣਨ ਤੋਂ ਬਾਅਦ ਇਸ ਨੂੰ ਫੌਜ ਦੀ ਯੂਰਪੀਨ ਪੱਧਰ ਦੀ ਸਿਖਲਾਈ ਲਈ ਨਿਯੁਕਤ ਕੀਤਾ ਗਿਆ। ਕੀਤਾ ਅਤੇ ਜਨਰਲ ਦਾ ਪਦ ਹਾਸਿਲ ਕਰਕੇ ਘੋੜਸਵਾਰ ਦਲ ਦਾ ਕਮਾਂਡਰ ਤੈਨਾਤ ਹੋ ਗਿਆ।ਜਨਰਲ ਵੈਨਤੁਰਾ ਨਾਲ ਮਿਲ ਕੇ ਕੁਝ ਸਾਲਾਂ ਵਿੱਚ ਹੀ ਇਸ ਨੇ ਸਿੱਖ ਫੌਜ ਨੂੰ ਯੂਰਪੀਅਨ ਪੱਧਤੀ ਦੇ ਫੌਜੀ ਹੁਨਰ ਦੀ ਸਿਖਲਾਈ ਦੇ ਕੇ ਅੰਗ੍ਰੇਜ ਫੌਜਾਂ ਦੇ ਖਿਲਾਫ ਲੜਨ ਲਈ ਤਿਆਰ ਕਰ ਦਿੱਤਾ। ਬੈਪਤਿਸਤੇ ਵੈਨਤੁਰਾ (ਇਟਾਲੀਅਨ)-ਵੈਨਤੁਰਾ ਦਾ ਨਾਂ ਖਾਲਸਾ ਫੌਜ ਦੇ ਸਿਰਕੱਢ ਜਰਨੈਲਾਂ ਵਿੱਚ ਆਉਂਦਾ ਹੈ।ਇਹ ਮੋਡੇਨਾ, ਇਟਲੀ ਵਿੱਚ ਇਤਾਲਵੀ ਯਹੂਦੀ ਪਰਿਵਾਰ ਵਿੱਚ ਜਨਮਿਆ ਅਤੇ ਚੜਦੀ ਉਮਰ ਵਿੱਚ ਹੀ ਨੈਪੋਲੀਅਨ ਦੀ ਫੌਜ ਵਿੱਚ ਭਰਤੀ ਹੋ ਗਿਆ। ਇਸ ਨੇ ਪੈਦਲ ਫੌਜਾਂ ਦੇ ਕਰਨਲ ਪਦ ਤੱਕ ਤਰੱਕੀ ਕੀਤੀ। ਨੈਪੋਲੀਅਨ ਦੀ  ਅੰਤਿਮ ਹਾਰ ਤੋਂ ਬਾਅਦ ਇਹ ਆਪਣੇ ਜੱਦੀ ਘਰ ਵਾਪਸ ਚਲਾ ਗਿਆ ਪਰ ਜਲਦੀ ਹੀ ਇਹ ਨੈਪੋਲੀਅਨ ਪ੍ਰਤੀ ਹਮਦਰਦੀ ਅਤੇ ਕ੍ਰਾਂਤੀਕਾਰੀ ਵਿਚਾਰਾਂ ਕਰਕੇ ਰਿਹਾਇਸ਼ੀ ਇਲਾਕੇ ਦੀ ਪੁਲਿਸ ਦੀਆਂ ਨਜਰਾਂ ਵਿੱਚ ਆ ਗਿਆ, ਫਲਸਰੂਪ ਇਸ ਨੂੰ ਆਪਣਾ ਦੇਸ਼ਛੱਡਣਾ ਪਿਆ lਏਧਰ-ਉੱਧਰ ਭਟਕਣ ਤੋਂ ਬਾਅਦ ਇਹ ਪਰਸ਼ੀਆ ਪਹੁੰਚਿਆ ਅਤੇ ਫੌਜ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਛੇਤੀ ਹੀ ਕਰਨਲ ਰੈਂਕ ਤੱਕ ਪਹੁੰਚ ਗਿਆ। ਇੱਥੇ ਵੈਨਤੁਰਾ ਕੁਝ ਅੰਗਰੇਜ ਅਫਸਰਾਂ ਦੀ ਸਾਜਿਸ਼ ਦਾ ਸ਼ਿਕਾਰ ਹੋ ਕੇ ਨੌਕਰੀ ਤੋਂ ਹੱਥ ਧੋ ਬੈਠਾ ਅਤੇ ਫਿਰ ਇਤਾਲਵੀ ਕੈਪਟਨ ਐਲਾਰਡ ਦੇ ਨਾਲ ਹੀ 1822 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਹਾਜਰ ਹੋਇਆ।ਇਸ ਨੇ ਨੌਸ਼ਿਹਰੇ ਦੀ ਲੜਾਈ ਵਿੱਚ ਜੰਗੀ ਹੁਨਰ ਦੇ ਜੌਹਰ ਦਿਖਾਏ ਦੇ ਜਲਦੀ ਹੀ ਆਪਣੀ ਯੋਗਤਾ ਨੂੰ ਸਿੱਧ ਕਰਦਾ ਹੋਇਆ ਜਨਰਲ ਦੇ ਅਹੁਦੇ ਤੇ ਪਹੁੰਚ ਗਿਆ। ਸਭ ਵਿਦੇਸ਼ੀ ਜਰਨੈਲਾਂ ਵਿੱਚੋਂ ਵੈਨਤੁਰਾ ਨੂੰ ਮਹਾਰਾਜੇ ਦੇ ਸਭ ਤੋਂ ਜਿਆਦਾ ਵਿਸ਼ਵਾਸ਼ਪਾਤਰ ਹੋਣ ਦਾ ਮਾਣ ਪ੍ਰਾਪਤ ਹੋਇਆ।ਸਿੱਖ ਫੌਜਾਂ ਨੂੰ ਯੂਰਪੀਅਨ ਫੌਜ ਦੇ ਜੰਗੀ ਹੁਨਰ ਸਿਖਾਉਣ ਲਈ ਇਸ ਦਾ ਬਹੁਤ ਜਿਆਦਾ ਯੋਗਦਾਨ ਰਿਹਾ। ਇਸ ਦੀ ਪ੍ਰਬੰਧਕੀ ਯੋਗਤਾ ਨੂੰ ਦੇਖ ਕੇ ਮਹਾਰਾਜੇ ਨੇ ਇਸ ਨੂੰ ਲਾਹੌਰ ਦਾ ਗਵਰਨਰ ਬਣਾਇਆ।