ਜਦੋਂ ਸਿੰਘਾਂ ਨੇ ਦਿੱਲੀ ਲਾਲ ਕਿਲ੍ਹਾ ਜਿੱਤ ਕੇ ਕੇਸਰੀ ਨਿਸ਼ਾਨ ਸਾਹਿਬ ਝੁਲਾਇਆ…. ਅੱਗੇ ਪੜ੍ਹੋ

349

ਇਕ ਅਦੁੱਤੀ ਸਿੱਖ ਜਰਨੈਲ ਸਰਦਾਰ ਬਘੇਲ ਸਿੰਘ – ਸਰਦਾਰ ਬਘੇਲ ਸਿੰਘ ਸਿੱਖੀ ਦਾ ਉਹ ਥੰਮ ਹੈ ਜਿਸ ਨੇ ਬਾਬਾ ਬੰਦਾ ਸਿੰਘ ਬਹਾਦਰ ਪਿੱਛੋਂ ਮਿਸਲ ਰਾਜ ਦੇ ਅਤਿ ਮੁਸ਼ਕਲਾਂ ਵਾਲੇ ਸਮੇਂ ਸਿੱਖੀ ਦੀਆਂ ਜੜ੍ਹਾਂ ਪੱਕੀਆਂ ਕਰਨ ਵਿੱਚ ਭਰਪੂਰ ਹਿੱਸਾ ਹੀ ਨਹੀਂ ਪਾਇਆ ਸਗੋਂ ਸਿੱਖਾਂ ਦਾ ਪ੍ਰਭਾਵ ਅਵਧ, ਉਤਰਾ-ਖੰਡ ਤੇ ਦਿੱਲੀ ਤੱਕ ਫੈਲਾਇਆ। ਜੇ ਦੁਆਬਾ, ਮਾਝਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਫੈਲਾਉਣ ਦੀ ਪਿੱਠ-ਭੂਮੀ ਬਣੇ, ਮਾਲਵਾ ਫੂਲਕੀਆਂ ਰਿਆਸਤਾਂ ਦੇ ਵਧਣ ਫੁਲਣ ਦਾ ਮੈਦਾਨ ਬਣਿਆ ਤਾਂ ਹਰਿਆਣਾ ਸ੍ਰ: ਬਘੇਲ ਸਿੰਘ ਦੇ ਪ੍ਰਭਾਵ ਵਧਾਉਣ ਦਾ ਧੁਰਾ ਰਿਹਾ। 

ਸਰਦਾਰ ਬਘੇਲ ਸਿੰਘ ਸਦਕਾ ਸਿੱਖਾਂ ਨੇ 17 ਮਾਰਚ, 1783 ਲਾਲ ਕਿਲ੍ਹੇ `ਤੇ ਸਿੱਖ ਝੰਡਾ ਜਾ ਫਹਿਰਾਇਆ। ਦਿੱਲੀ ਉਤੇ ਰਾਜ ਕਰਨ ਦਾ ਸਿੱਖਾਂ ਦਾ ਸੁਪਨਾ ਜਦ ਜੱਸਾ ਸਿੰਘ ਆਹਲੂਵਾਲੀਆ ਤੇ ਜੱਸਾ ਸਿੰਘ ਰਾਮਗੜ੍ਹੀਆ ਦੀ ਆਪਸੀ ਖਿੱਚ-ਧੂਹ ਕਰਕੇ ਅਧੂਰਾ ਰਹਿ ਗਿਆ ਤੇ ਧਿਰਾਂ ਵਿੱਚ ਰੰਜਸ਼ ਪੈਦਾ ਹੋ ਗਈ ਤਾਂ ਇਹ ਸ੍ਰ: ਬਘੇਲ ਸਿੰਘ ਹੀ ਸੀ ਜਿਸ ਨੇ ਸਾਰਾ ਮਾਮਲਾ ਸੰਭਾਲਿਆ ਤੇ ਫਿਰ ਸਿੱਖਾਂ ਦਾ ਪ੍ਰਭਾਵ ਦਿੱਲੀ ਉਤੇ ਰਾਖਵਾਂ ਰੱਖਿਆ। ਦਿੱਲੀ ਦੀ ਚੁੰਗੀ ਉਗਰਾਉਣ ਦਾ ਹੱਕ ਉਸ ਨੂੰ ਸਾਰੀ ਉਮਰ ਮਿਲਿਆ ਰਿਹਾ। ਅਵਧ ਤੇ ਉਤਰਾਂਚਲ ਦੇ ਇਲਾਕਿਆਂ ਉਤੇ ਹਮਲੇ ਕਰਕੇ ਰਾਖੀ ਪ੍ਰਬੰਧ ਸਥਾਪਿਤ ਕਰਨ ਵਿੱਚ ਉਹ ਹੀ ਮੋਹਰੀ ਸੀ। ਮਰਾਠਿਆਂ ਨਾਲ ਦਿੱਲੀ ਦੇ ਰਾਜ ਪ੍ਰਬੰਧ ਬਾਰੇ ਸਿੱਖਾਂ ਨਾਲ ਸਮਝੌਤਾ ਹੋਇਆ ਤਾਂ ਇਹ ਬਘੇਲ ਸਿੰਘ ਹੀ ਸੀ ਜਿਸ ਨੇ ਸਿੱਖਾਂ ਵਲੋਂ ਰਾਜ ਦਰਬਾਰ `ਤੇ ਮਰਾਠਿਆਂ ਨਾਲ ਤਿੰਨ ਧਿਰੀ ਸਮਝੌਤਾ ਕੀਤਾ ਜਿਸ ਪਿਛੋਂ ਦਿੱਲੀ ਤੋਂ ਉਤਰ ਵੱਲ ਦਾ ਇਲਾਕਾ ਸਿੱਖਾਂ ਦੇ ਅਧੀਨ ਆ ਗਿਆ ਜਿਸ ਵਿੱਚ ਸਾਰਾ ਹਰਿਆਣਾ ਸ਼ਾਮਿਲ ਸੀ। ਇਸ ਇਲਾਕੇ ਦੇ ਪ੍ਰਬੰਧ ਉਦੋਂ ਤੋਂ ਲੈ ਕੇ ਅੰਗ੍ਰੇਜ਼ੀ ਰਾਜ ਹੋਣ ਤੱਕ ਬਘੇਲ ਸਿੰਘ ਤੇ ਉਸ ਦੇ ਪਰਿਵਾਰ ਕੋਲ ਰਿਹਾ। ਦਿੱਲੀ ਰਾਜ ਵਿੱਚ ਉਸ ਦਾ ਸਦਾ ਪ੍ਰਭਾਵ ਰਿਹਾ। ਦਿੱਲੀ ਰਾਜ ਦੇ ਪ੍ਰਭਾਵ ਵੇਲੇ ਉਸ ਨੇ ਗੁਰਦੁਆਰਾ ਸੀਸ ਗੰਜ ਤੇ ਹੋਰ ਗੁਰਦੁਆਰਿਆਂ ਦੀ ਖੋਜ ਕੀਤੀ ਤੇ ਸਥਾਨ ਬਣਵਾਏ। ਸਿੱਖੀ ਖ਼ਾਤਰ ਜਨਰਲ ਬਘੇਲ ਸਿੰਘ ਦਾ ਇਹ ਇੱਕ ਸਦਾ ਯਾਦ ਰਹਿਣ ਵਾਲਾ ਯੋਗਦਾਨ ਹੈ। ਸ੍ਰ: ਬਘੇਲ ਸਿੰਘ ਦਾ ਜਨਮ ਤਰਨਤਾਰਨ ਜ਼ਿਲ੍ਹਾ ਅੰਮ੍ਰਿਤਸਰ ਤੇ ਪਿੰਡ ਝਬਾਲ ਵਿਖੇ ਧਾਲੀਵਾਲ ਪਰਿਵਾਰ ਵਿੱਚ ਹੋਇਆ। ਹੋਸ਼ ਸੰਭਾਲੀ ਤੇ ਮਸਫੁਟ ਹੁੰਦਿਆਂ ਹੀ ਅੰਮ੍ਰਿਤ ਛਕਿਆ ਤੇ ਦਲ ਖਾਲਸਾ ਦਾ ਮੈਂਬਰ ਬਣ ਗਿਆ ਜੋ ਉਸ ਵੇਲੇ ਸਿੱਖ ਯੋਧਿਆਂ ਦੀ ਨੁਮਾਇੰਦਾ ਜਮਾਤ ਸੀ। ਜਦ ਮਿਸਲਾਂ ਬਣੀਆਂ ਤਾਂ ਉਹ ਕ੍ਰੋੜਸਿੰਘੀਆ ਮਿਸਲ ਵਿੱਚ ਸ਼ਾਮਲ ਹੋ ਗਿਆ ਜਿਸ ਦਾ ਸਿਰਕਰਦਾ ਜਥੇਦਾਰ ਕ੍ਰੋੜ ਸਿੰਘ ਸੀ। ਉੱਚਾ ਲੰਮਾ ਸੁਡੌਲ, ਸੁੰਦਰ ਕੱਦ-ਕਾਠ, ਪੱਕਾ ਰੰਗ ਤੇ ਭੂਰੀਆਂ ਅੱਖਾਂ ਵਾਲਾ ਬਹਾਦਰ, ਹੌਂਸਲੇ ਵਾਲਾ, ਖੁੱਲ੍ਹੇ ਦਿਲ ਵਾਲਾ ਇਹ ਚੋਬਰ ਸਾਰੀ ਮਿਸਲ ਦੀ ਖਿੱਚ ਦਾ ਕਾਰਨ ਹੁੰਦਾ ਸੀ। ਘੋੜਸਵਾਰੀ ਕਰਦਾ, ਨਿਸ਼ਾਨੇ ਲਾਉਂਦਾ, ਤਲਵਾਰ ਚਲਾਉਂਦਾ, ਸਭ ਨੂੰ ਮਾਤ ਪਾ ਦਿੰਦਾ ਤੇ ਜੱਥੇਦਾਰ ਦੀ ਵਾਹ-ਵਾਹੀ ਖੱਟਦਾ। ਬਾਹਰੋਂ ਸਖ਼ਤ, ਅੰਦਰੋਂ ਨਰਮ, ਤੇਜ਼-ਤਰਾਰ ਦੂਰ ਦੀ ਸੂਝ ਵਾਲਾ ਦਿਮਾਗ, ਹਰ ਲੋੜਵੰਦ ਦੀ ਮਦਦ ਕਰਨ ਲਈ ਤਤਪਰ, ਮਿੱਠ ਬੋਲੜਾ ਤੇ ਆਦਰ ਦੇਣ ਵਾਲਾ ਇਹ ਯੁਵਕ ਸਭ ਤੋਂ ਇਜ਼ਤ ਖੱਟਦਾ। ਉਹ ਅਜਿਹਾ ਸਿੱਖ ਸੀ ਜੋ ਸਿੱਖੀ ਕਦਰਾਂ ਕੀਮਤਾਂ ਦਾ ਪੱਕਾ ਧਾਰਨੀ ਸੀ। ਉਸ ਉਤੇ ਹਰ ਕੋਈ ਭਰੋਸਾ ਕਰਦਾ ਕਿਉਂਕਿ ਅਗਲੇ ਦੇ ਭਰੋਸੇ ਨੂੰ ਕਾਇਮ ਰੱਖਣ ਲਈ ਉਹ ਆਪਣੀ ਜਾਨ ਤੱਕ ਲਾਉਣ ਲਈ ਤਿਆਰ ਹੁੰਦਾ। ਸਾਰੇ ਧਰਮਾਂ ਦੇ ਲੋਕ ਉਸ ਕੋਲ ਮਦਦ ਲਈ ਪਹੁੰਚਦੇ। ਜਦ ਬੇਗਮ ਸਮਰੋ ਉਪਰ ਅਵਧ ਦੇ ਨਵਾਬ ਨੇ ਹਮਲਾ ਕੀਤਾ ਤਾਂ ਇਸ ਨੂੰ ਬਘੇਲ ਸਿੰਘ ਨੇ ਹੀ ਬਚਾਇਆ। ਇਸ ਦਾ ਸਿੱਕਾ ਮੰਨ ਕੇ ਬੇਗਮ ਸਮਰੋ ਨੇ ਇਸ ਨੂੰ ਧਰਮ ਭਰਾ ਬਣਾ ਲਿਆ ਤੇ ਨਵਾਬ ਅਵਧ ਨੇ ਸਿੱਖੀ ਧਾਰਨ ਕਰ ਲਈ। ਜਦ ਅੰਗ੍ਰੇਜ਼ ਥਾਮਸ ਨੇ ਜੀਂਦ ਉਪਰ ਹਮਲਾ ਕਰਕੇ ਆਪਣੇ ਆਪ ਨੂੰ ਮੁਸੀਬਤ ਵਿੱਚ ਫਸਿਆ ਸਮਝਿਆ ਤਾਂ ਉਸ ਨੇ ਵੀ ਬੁੱਢੇ ਜਰਨੈਲ ਬਘੇਲ ਸਿੰਘ ਅੱਗੇ ਮਦਦ ਲਈ ਵਾਸਤੇ ਪਾਏ ਜਿਸ ਦੀ ਬਘੇਲ ਸਿੰਘ ਨੇ ਮਦਦ ਕਰਕੇ ਜਿੱਤ ਦਿਵਾਈ। ਸੰਨ 1761 ਵਿੱਚ ਜਦ ਕ੍ਰੋੜ ਸਿੰਘ ਸਵਰਗਵਾਸ ਹੋਇਆ ਤਾਂ ਜੱਥੇਦਾਰ ਬਘੇਲ ਸਿੰਘ ਨੂੰ ਸਰਬ-ਸੰਮਤੀ ਨਾਲ ਮਿਸਲ ਦਾ ਜੱਥੇਦਾਰ ਚੁਣ ਲਿਆ ਗਿਆ। ਸੱਠ ਸਾਲ ਉਸ ਨੇ ਇਹ ਜੱਥੇਦਾਰੀ ਨਿਭਾਹੀ ਤੇ ਇਸ ਮਿਸਲ ਨੂੰ ਆਪਣੀ ਸੂਝ-ਬੂਝ ਨਾਲ ਸਿੱਖਾਂ ਵਿੱਚ ਹੀ ਨਹੀਂ ਸਾਰੇ ਹਿੰਦੁਸਤਾਨ ਵਿੱਚ ਇੱਕ ਉੱਚਾ ਨਾਮ ਦਿੱਤਾ। ਆਪਣੀ ਮਿਸਲ ਨੂੰ ਉਸ ਨੇ ਲਗਾਤਾਰ ਵਧਾਇਆ ਤੇ ਫੈਲਾਇਆ। ਮਹਾਰਾਜਾ ਰਣਜੀਤ ਸਿੰਘ ਨਾਲ ਮਿਲ ਕੇ ਇਸ ਨੇ ਮੁਲਤਾਨ ਤੇ ਨਰੈਣਗੜ੍ਹ ਦੇ ਇਲਾਕੇ ਜਿੱਤੇ। ਜਦ ਰਾਜਾ ਭਰਤਪੁਰ ਦੇ ਰਾਜੇ ਨੇ ਸ੍ਰ: ਕ੍ਰੋੜ ਸਿੰਘ ਅੱਗੇ ਗੁਜਾਰਿਸ਼ ਕੀਤੀ ਕਿ ਉਸ ਦੀ ਮਦਦ ਕੀਤੀ ਜਾਵੇ ਤਾਂ ਪੰਜ ਸੌ ਸਵਾਰ ਲੈ ਕੇ ਪਹੁੰਚਿਆ। ਰਾਹ ਵਿੱਚ ਇੱਕ ਛੋਟੇ ਯੁੱਧ ਵਿੱਚ ਕ੍ਰੋੜਾ ਸਿੰਘ ਦੇ ਗੋਲੀ ਲੱਗੀ ਤਾਂ ਉਸ ਦੇ ਸ਼ਹੀਦ ਹੋਣ ਪਿਛੋਂ ਬਘੇਲ ਸਿੰਘ ਨੇ ਜੱਥੇ ਦੀ ਕਮਾਨ ਸੰਭਾਲ ਲਈ। ਬਘੇਲ ਸਿੰਘ ਦਾ ਭਰਵਾਂ ਜੁੱਸਾ, ਉੱਚਾ ਕੱਦ-ਕਾਠ, ਡੀਲ-ਡੌਲ ਵੇਖ ਘੁਮੇਰ ਦਾ ਰਾਜਾ ਡਰ ਗਿਆ ਤੇ ਸ੍ਰ: ਬਘੇਲ ਸਿੰਘ ਨੂੰ ਸੈਨਾ ਵਾਪਿਸ ਲੈ ਜਾਣ ਲਈ ਬਿਨੈ ਕਰਨ ਲੱਗਾ। ਬਘੇਲ ਸਿੰਘ ਨੇ ਮੁਆਵਜਾ ਮੰਗਿਆ ਤਾਂ ਮਿੰਨਤਾਂ ਕਰਨ ਲੱਗਾ। ਜਰਨੈਲ ਬਘੇਲ ਸਿੰਘ ਪਿਘਲ ਗਿਆ ਤੇ ਮੁਆਵਜ਼ੇ ਦਾ ਕੁੱਝ ਕੁ ਹੀ ਹਿੱਸਾ ਵਸੂਲ ਕਰ ਉਸ ਦੀ ਆਉ-ਭਗਤ ਮਾਣ ਵਾਪਿਸ ਪਰਤਿਆ। ਮੁੜਦੇ ਵਕਤ ਉਸ ਨੇ ਜਲੰਧਰ ਵਿਚਲੇ ਇਲਾਕੇ ਤੋਂ ਤੈਵਾਨ ਵਸੂਲਣਾ ਸ਼ੁਰੂ ਕੀਤਾ ਤਾਂ ਤਲਵਾਨ ਦੇ ਸਰਦਾਰ ਮੀਆਂ ਮਹਿਮੂਦ ਖਾਨ ਰਾਜਪੁਰ ਨੇ ਉਸ ਨੂੰ ਵਧੀਆ ਘੋੜਾ ਪੇਸ਼ ਕੀਤਾ ਜਿਸ ਦੀ ਸਵਾਰੀ ਬਘੇਲ ਸਿੰਘ ਲਈ ਮਨ ਭਾਉਂਦੀ ਹੋ ਗਈ। ਉਧਰੋਂ ਜੱਸਾ ਸਿੰਘ ਆਹਲੂਵਾਲੀਆ ਵਲੋਂ ਜਦ ਮੀਆਂ ਮਹਿਮੂਦ ਖਾਨ ਨੂੰ ਧਮਕੀ ਮਿਲੀ ਤਾਂ ਬਘੇਲ ਸਿੰਘ ਦੀ ਸਲਾਹ `ਤੇ ਇੱਥੇ ਸਿੱਖਾਂ ਦਾ ਇੱਕ ਮਜ਼ਬੂਤ ਕਿਲ੍ਹਾ ਤੇ ਚੌਕੀ ਸਥਾਪਿਤ ਕਰ ਦਿੱਤੀ ਗਈ ਜਿਸ ਨਾਲ ਇਸ ਇਲਾਕੇ ਉਪਰ ਬਘੇਲ ਸਿੰਘ ਦਾ ਪੱਕਾ ਪ੍ਰਭਾਵ ਕਾਇਮ ਹੋ ਗਿਆ ਤੇ ਬਘੇਲ ਸਿੰਘ ਨੂੰ ਇਸ ਦੇ ਇਲਾਕੇ ਤੋਂ ਮੁਆਮਲਾ ਵੀ ਮਿਲਣ ਲੱਗ ਪਿਆ। ਜਲੰਧਰ ਦੁਆਬ ਤਾਂ ਕ੍ਰੋੜ-ਸਿੰਘੀਆ ਮਿਸਲ ਥੱਲੇ ਪਹਿਲਾਂ ਹੀ ਸੀ, ਜਿਥੋਂ ਇੱਕ ਲੱਖ ਸਾਲਾਨਾ ਤੈਵਾਨ ਮਿਲਦਾ ਸੀ ਜਿਸ ਕਰਕੇ ਬਘੇਲ ਸਿੰਘ ਨੇ ਹੁਸ਼ਿਆਰਪੁਰ ਦੇ ਨੇੜੇ ਹਰਿਆਣਾ ਨੂੰ ਆਪਣਾ ਹੈਡਕੁਆਰਟਰ ਬਣਾ ਲਿਆ ਤੇ ਆਪਣੀ ਪਤਨੀ ਰੂਪ ਕੌਰ ਨੂੰ ਮੁੱਖ ਪ੍ਰਬੰਧਕ ਥਾਪ ਦਿੱਤਾ। ਸੰਨ 1761 ਵਿੱਚ ਹੀ ਉਹ ਕਰਨਾਲ ਵੱਲ ਪਰਤਿਆ ਤੇ ਖੁਰਦੀਨ, ਖਨੌਰੀ, ਛਲੌਦੀ, ਜਮੈਤਗੜ੍ਹ ਆਦਿ ਦੇ ਇਲਾਕੇ ਜਿਨ੍ਹਾਂ ਦੀ ਸਾਲਾਨਾ ਆਮਦਨ ਤਿੰਨ ਲੱਖ ਸੀ, ਜਿੱਤ ਕੇ ਆਪਣੇ ਕਬਜ਼ੇ ਵਿੱਚ ਕਰ ਲਏ ਤੇ ਛਲੌਦੀ ਆਪਣੀ ਰਿਹਾਇਸ਼ ਰੱਖ ਲਈ। ਇਸ ਵੇਲੇ ਤੱਕ ਉਸ ਕੋਲ 12000 ਘੋੜ ਸਵਾਰਾਂ ਤੋਂ ਇਲਾਵਾ ਬਹੁਤ ਵੱਡੀ ਪੈਦਲ ਫੌਜ ਸੀ। ਇਹ ਸਾਰਾ ਇਲਾਕਾ ਉਸ ਨੇ ਆਪਣੀ ਦੂਸਰੀ ਪਤਨੀ ਰਾਮ ਕੌਰ ਦੀ ਜ਼ਿੰਮੇਵਾਰੀ ਵਿੱਚ ਦੇ ਦਿੱਤਾ। ਤੀਸਰੀ ਪਤਨੀ ਰਤਨ ਕੌਰ ਨੂੰ ਕਲਾਨੌਰ ਦਾ ਇਲਾਕਾ ਸੰਭਾਲ ਦਿੱਤਾ ਤੇ ਆਪਣੇ ਆਪ ਨੂੰ ਸਾਰੇ ਇਲਾਕਿਆਂ ਨੂੰ ਬਾਹਰੀ ਹਮਲਿਆਂ ਤੋਂ ਰੋਕਣ ਤੇ ਇਲਾਕੇ ਨੂੰ ਹੋਰ ਵਧਾਉਣ ਲਈ ਵਿਹਲਾ ਰੱਖਿਆ। ਮਹਾਰਾਜਾ ਅਮਰ ਸਿੰਘ ਪਟਿਆਲੇ ਨੇ ਜਦ ਉਸ ਦੇ ਇਲਾਕੇ ਨੂੰ ਹਥਿਆਇਆ ਤਾਂ ਸ੍ਰ: ਬਘੇਲ ਸਿੰਘ ਭਾਰੀ ਫੌਜ ਲੈ ਕੇ ਉਸ ਉਪਰ ਚੜ੍ਹ ਪਿਆ। ਜੱਸਾ ਸਿੰਘ ਆਹਲੂਵਾਲੀਆ ਤੇ ਚੈਨ ਸਿੰਘ ਵਕੀਲ ਦੀ ਵਿਚੋਲਗੀ ਸਦਕਾ ਮਹਾਰਾਜਾ ਅਮਰ ਸਿੰਘ ਨੇ ਇਲਾਕੇ ਵੀ ਮੋੜ ਦਿੱਤੇ ਤੇ ਆਪਣੇ ਵਕੀਲ ਨੂੰ ਭੇਜਿਆ ਜਿਸ ਨੇ, “ਸਿੰਘ ਜੀ, ਰੁਕੋ, ਅਗਿਉਂ ਵੀ ਪੰਥ ਦੇ ਸੇਵਕ ਹਨ। ਜੋ ਹੁਕਮ ਹੋਵੇ। ` ਇਸ ਪਿਛੋਂ ਰਾਜਾ ਅਮਰ ਸਿੰਘ ਨੇ ਆਪਣੇ ਸਪੁੱਤਰ ਸਾਹਿਬ ਸਿੰਘ ਨੂੰ ਸ੍ਰ: ਬਘੇਲ ਸਿੰਘ ਕੋਲੋਂ ਅੰਮ੍ਰਿਤ ਛਕਾ ਕੇ ਅੰਮ੍ਰਿਤਧਾਰੀ ਬਣਵਾ ਦਿੱਤਾ। ਦੋਵਾਂ ਵਿੱਚ ਸਦੀਵੀ ਸਾਂਝ ਹੋ ਗਈ। ਸਰਹਿੰਦ ਉਤੇ ਹਮਲੇ ਕਰਕੇ, ਸਰਹਿੰਦ ਦਾ ਸਾਰਾ ਹਿੱਸਾ ਸਿੱਖ ਮਿਸਲਾਂ ਨੇ ਵੰਡ ਲਿਆ ਤੇ ਸਾਰਾ ਪੰਜਾਬ ਮਿਸਲਾਂ ਅਧੀਨ ਹੋ ਗਿਆ ਤਾਂ ਸ੍ਰ: ਜੱਸਾ ਸਿੰਘ ਆਹਲੂਵਾਲੀਆ ਨਾਲ ਮਿਲਕੇ 40, 000 ਦੀ ਫੌਜ ਲੈ ਸਹਾਰਨਪੁਰ, ਮੁਜ਼ੱਫਰਪੁਰ ਤੇ ਮੇਰਠ ਦੇ ਇਲਾਕੇ ਵਿੱਚ 20 ਫਰਵਰੀ 1764 ਤੋਂ ਹੱਲਾ ਸ਼ੁਰੂ ਕਰ ਦਿੱਤਾ। ਫਿਰ ਗੰਗਾ ਪਾਰ ਕਰਕੇ ਨਜੀਬਾਬਾਦ, ਮੁਰਾਦਾਬਾਦ ਤੇ ਅਨੂਪ ਸ਼ਹਿਰ ਦੇ ਇਲਾਕਿਆਂ ਉਪਰ ਆਪਣਾ ਰਾਖੀ ਪ੍ਰਬੰਧ ਜਮਾ ਕੇ ਦੋ ਮਹੀਨਿਆਂ ਪਿਛੋਂ ਪਰਤੇ। 

ਸੰਨ 1775 ਵਿੱਚ ਬਿਆਸ ਦੇ ਆਸ ਪਾਸ ਦਾ ਇਲਾਕਾ ਤੇ ਸੰਨ 1792 ਵਿੱਚ ਉਸ ਨੇ ਤਰਨਤਾਰਨ, ਸਭਰਾਉਂ ਤੇ ਸਰਹਾਲੀ ਆਪਣੇ ਕਬਜ਼ੇ ਵਿੱਚ ਕੀਤੇ। ਸੰਨ 1761 ਤੋਂ 1770 ਤੱਕ ਅਵਧ ਦਾ ਨਵਾਬ ਨਜੀਬ-ਉ-ਦੌਲਾ, ਦਿੱਲੀ ਦਾ ਪ੍ਰਬੰਧ ਦੇਖ ਰਿਹਾ ਸੀ। ਜਦ ਸਿੱਖਾਂ ਨੇ ਇਸ ਦੇ ਇਲਾਕੇ ਨੂੰ ਕਬਜ਼ੇ ਵਿੱਚ ਲਿਆ ਤਾਂ ਤਬਾਹੀ ਤੋਂ ਡਰਦੇ ਨੇ ਗਿਆਰਾਂ ਲੱਖ ਸਾਲਾਨਾ ਤੈਵਾਨ ਦੇਣਾ ਮੰਨ ਕੇ ਸਿੱਖਾਂ ਤੋਂ ਆਪਣੀ ਜਾਨ ਬਖਸ਼ੀ ਕਰਵਾਈ। ਸੰਨ 1773 ਵਿੱਚ ਜ਼ਾਬਿਤਾ ਖਾਨ ਰੋਹਿਲਾ ਤੋਂ ਨਨੌਤਾ ਤੇ ਜਲਾਲਾਬਾਦ ਲੁੱਟੇ। ਜਦ ਇੱਕ ਬ੍ਰਾਹਮਣ ਸੰਨ 1766 ਵਿੱਚ ਅੰਮ੍ਰਿਤਸਰ ਅਕਾਲ ਤਖ਼ਤ `ਤੇ ਫਰਿਆਦ ਲੈ ਕੇ ਆਇਆ ਕਿ ਸਯਦ ਮੁਹੰਮਦ ਹਸਨ ਖਾਨ, ਉਸ ਦੀ ਲੜਕੀ ਨੂੰ ਡੋਲੇ ਵਿੱਚ ਪਾ ਕੇ ਲੈ ਗਿਆ ਹੈ ਤੇ ਮੁਸਲਮਾਨ ਬਣਨ ਲਈ ਦੁੱਖੀ ਕਰ ਰਿਹਾ ਹੈ ਤਾਂ ਜੱਥੇਦਾਰ ਬਘੇਲ ਸਿੰਘ ਦਲ ਖਾਲਸਾ ਦੇ ਹੋਰ ਜਥੇਦਾਰਾਂ ਨਾਲ ਹਸਨ ਖਾਨ `ਤੇ ਚੜ੍ਹ ਪਿਆ ਤੇ ਲੜਕੀ ਨੂੰ ਛੁਡਵਾਇਆ। ਇਸ ਪਿਛੋਂ ਜਦ ਵੀ ਕੋਈ ਕਿਸੇ ਦੀ ਧੀ ਭੈਣ ਦੀ ਇੱਜ਼ਤ ਨਾਲ ਖੇਡਣ ਦੀ ਕੋਸ਼ਿਸ਼ ਕਰਦਾ, ਉਹ ਬਿਨੈ ਲੈ ਕੇ ਬਘੇਲ ਸਿੰਘ ਕੋਲ ਪਹੁੰਚ ਜਾਂਦੇ। ਬਘੇਲ ਸਿੰਘ ਧੀਆਂ ਭੈਣਾਂ ਦੀ ਆਬਰੂ ਦਾ ਮੁਜਸਮਾ ਬਣ ਗਿਆ। ਸਤਲੁਜ ਤੇ ਗੰਗਾ ਦੁਆਬ ਦੇ ਇਲਾਕੇ ਦਾ ਸਮੁੱਚਾ ਕੰਟਰੋਲ ਸ੍ਰ: ਬਘੇਲ ਸਿੰਘ ਹੱਥ ਸੌਂਪ ਦਿੱਤਾ ਗਿਆ। ਪੰਥ ਪ੍ਰਕਾਸ਼ ਅਨੁਸਾਰ ਹਸਨ ਖਾਨ ਭੱਜ ਕੇ ਛੁਪ ਗਿਆ ਤੇ ਉਸ ਦੀ ਛਿਪਣ ਵਾਲੀ ਥਾਂ ਨੂੰ ਅੱਗ ਲਾ ਦਿੱਤੀ ਗਈ ਤਾਂ ਉਹ ਵਿੱਚੇ ਹੀ ਸੜ ਗਿਆ। ਇਸ ਇਲਾਕੇ ਦੇ ਪ੍ਰਭਾਵੀ ਵਿਅਕਤੀ ਦਾ ਸਮੁੱਚਾ ਪ੍ਰਭਾਵ ਉਦੋਂ ਤੋਂ ਸਿੱਖਾਂ ਹੱਥ ਆ ਗਿਆ। ਸਿੱਖਾਂ ਦਾ ਦਿੱਲੀ ਉਪਰ ਹਮਲਾ 18 ਜਨਵਰੀ, 1774 ਨੂੰ ਸੀ ਜੋ ਜਨਰਲ ਬਘੇਲ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਬਾਦਸ਼ਾਹ ਨੇ ਬਘੇਲ ਸਿੰਘ ਨੂੰ ਸਨਮਾਨ ਸਹਿਤ ਬੁਲਾਇਆ ਤੇ ਦਸ ਹਜ਼ਾਰ ਘੋੜ ਸਵਾਰਾਂ ਨਾਲ ਉਨ੍ਹਾਂ ਦੀ ਰਖਵਾਲੀ ਕਰਨ ਲਈ ਕਿਹਾ ਜਿਸ ਲਈ ਸ਼ਾਹਬਾਜ਼ਪੁਰ ਦਾ ਇਲਾਕਾ ਬਘੇਲ ਸਿੰਘ ਨੂੰ ਸੌਂਪਿਆ ਜਾਣਾ ਸੀ ਪਰ ਬਘੇਲ ਸਿੰਘ ਨੇ ਇਹ ਨਾ ਮੰਨਜ਼ੂਰ ਕਰ ਦਿੱਤਾ ਤੇ ਖਿਲਅਤ ਤੇ ਹੋਰ ਤੋਹਫੇ ਲੈ ਕੇ ਵਾਪਸ ਆ ਗਿਆ। ਬਾਦਸ਼ਾਹ ਨੇ ਬੇਗਮ ਸਮਰੋ (ਸਰਧਾਨਾ ਦੀ ਬੇਗਮ) ਜੋ ਬਘੇਲ ਸਿੰਘ ਦੀ ਧਰਮ ਭੈਣ ਬਣੀ ਹੋਈ ਸੀ ਨੂੰ ਬਿਨੈ ਕੀਤੀ ਕਿ ਉਹ ਬਘੇਲ ਸਿੰਘ ਨਾਲ ਸਮਝੌਤਾ ਕਰਵਾਵੇ। ਦਿੱਲੀ ਤੋਂ ਮੁੜਦੇ ਵੇਲੇ ਬਘੇਲ ਸਿੰਘ ਨੇ ਦਿਉਬੰਦ ਤੇ ਸਹਾਰਨਪੁਰ ਨੂੰ ਲੁੱਟ ਗੌਂਸਗੜ੍ਹ ਦੇ ਨਵਾਬ ਤੋਂ 50 ਹਜ਼ਾਰ ਉਗਰਾਹੇ।ਸੰਨ 1775 ਵਿੱਚ ਜਮਨਾ ਪਾਰ ਵੱਲ ਸਿੱਖ ਵਧੇ। 22 ਅਪ੍ਰੈਲ, 1775 ਨੂੰ ਕੁੰਜਪੁਰਾ ਤੋਂ ਜਮੁਨਾ ਲੰਘ, ਲਖਨੌਤੀ, ਗੌਸਗੜ੍ਹ, ਦਿਉਬੰਦ ਤੇ ਹੋਰ ਇਲਾਕੇ ਕਬਜ਼ੇ ਵਿੱਚ ਕੀਤੇ। ਜ਼ਾਬਿਤਾ ਖਾਨ ਰੋਹਿਲੇ ਨੇ ਗੋਰਗੜ੍ਹ ਬਚਾਉਣ ਲਈ 50 ਹਜ਼ਾਰ ਰੁਪਏ ਸਿੱਖਾਂ ਨੂੰ ਸਾਲਾਨਾ ਤੈਵਾਨ ਦੇਣਾ ਮੰਨਿਆ, ਫਿਰ ਸ਼ਾਮਲੀ, ਕਾਂਧਲਾ ਤੇ ਮੇਰਠ ਹੁੰਦੇ ਹੋਏ ਅਲੀਗੜ੍ਹ ਕੋਲ ਖੁਰਜਾ ਤੱਕ ਆਪਣਾ ਪ੍ਰਭਾਵ ਜਮਾਇਆ ਤੇ ਆਉਂਦਿਆਂ ਹੋਇਆਂ ਦਿੱਲੀ ਦੇ ਪਹਾੜ ਗੰਜ ਤੇ ਜੈ ਸਿੰਘਪੁਰ ਨੂੰ ਲਤਾੜਿਆ। 24 ਜੁਲਾਈ, 1775 ਨੂੰ ਜਮਨਾ ਪਾਰ ਕਰਕੇ ਵਾਪਸ ਮੁੜੇ। ਅਬਦੁਲ ਕਾਸਿਮ ਨੇ ਜਦ ਜ਼ਾਬਿਤਾ ਖਾਨ `ਤੇ ਹਮਲਾ ਕਰਕੇ ਉਸ ਤੋਂ ਮੇਰਠ ਖੋਹ ਲਿਆ ਤੇ ਉਸ ਨੇ ਬਘੇਲ ਸਿੰਘ ਕੋਲ ਮਦਦ ਲਈ ਬੇਨਤੀ ਕੀਤੀ। ਅਬਦੁਲ ਕਾਸਿਮ `ਤੇ ਹਮਲਾ 11 ਮਾਰਚ 1776 ਨੂੰ ਕੀਤਾ। ਮੇਰਠ ਛੁਡਵਾਇਆ ਤੇ ਅਬਦੁਲ ਕਾਸਿਮ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਜ਼ਾਬਿਤਾ ਖਾਨ ਨਾਲ ਦੋਸਤੀ ਕਰਨ ਤੇ ਸਿੱਖਾਂ ਦਾ ਪ੍ਰਭਾਵ ਅਵਧ ਤੱਕ ਵੱਧ ਗਿਆ, ਮਰਾਠਿਆਂ ਨੂੰ ਇਹ ਰਾਸ ਨਹੀਂ ਸੀ। ਸਿੱਖ ਵੱਸ ਨਾ ਆਉਂਦੇ ਵੇਖ ਸ਼ਾਹ ਆਲਮ ਨੇ ਆਪਣੇ ਸਾਹਿਬਜ਼ਾਦੇ ਸ਼ਾਹਬਖ਼ਤ ਨੂੰ ਸਿੱਖਾਂ ਉਪਰ ਹਮਲੇ ਲਈ ਪਟਿਆਲੇ ਵੱਲ ਭੇਜਿਆ। ਵੱਡੀ ਫੌਜ ਵੱਧਦੀ ਦੇਖਕੇ ਬਘੇਲ ਸਿੰਘ ਨੇ ਚਲਾਕੀ ਵਰਤੀ। ਅੱਗੇ ਹੋ ਕੇ ਸ਼ਾਹ ਬਖ਼ਤ ਨੂੰ ਨਜ਼ਰਾਨਾ ਭੇਟ ਕੀਤਾ ਤੇ ਸ਼ਾਹ ਨੂੰ ਅੱਗੇ ਵੱਧਣ ਲਈ ਪ੍ਰੇਰਿਆ। ਜਦ ਸ਼ਾਹ ਪਟਿਆਲੇ ਵੱਲ ਵੱਧਿਆ ਤਾਂ ਸਾਰੇ ਸਿੱਖਾਂ ਨੇ ਸਲਾਹ ਕਰਕੇ ਸ਼ਾਹ ਬਖ਼ਤ `ਤੇ ਹੱਲਾ ਬੋਲ ਦਿੱਤਾ। ਪਿਛੋਂ ਬਘੇਲ ਸਿੰਘ ਨੇ ਸ਼ਾਹੀ ਫੌਜਾਂ ਦਾ ਰਾਹ ਰੋਕ ਕੇ ਕਟਾ ਵੱਢੀ ਸ਼ੁਰੂ ਕਰ ਦਿੱਤੀ। ਸ਼ਾਹੀ ਸੈਨਾ ਦਾ ਬੁਰਾ ਹਾਲ ਹੋਇਆ ਤਾਂ ਅਬਦੁੱਲ ਅਹਿਦ, ਨਜਫ ਖਾਨ ਆਦਿ ਨੂੰ ਦਿੱਲੀ ਬੁਲਾ ਲਿਆ ਗਿਆ। ਨਵੰਬਰ 1779 ਨੂੰ ਨਜ਼ਫ ਖਾਨ ਨੇ ਆਪਣੇ ਪੋਤਰੇ ਮਿਰਜ਼ਾ ਸਫੀ ਨੂੰ ਦਸ ਹਜ਼ਾਰ ਸੈਨਾ ਤੇ ਸੈਂਕੜੇ ਤੋਪਾਂ ਨਾਲ ਸਿੱਖਾਂ ਨੂੰ ਕੁਚਲਣ ਲਈ ਭੇਜਿਆ। ਮਿਰਜ਼ਾ ਸ਼ਫੀ ਨੇ ਚਲਾਕੀ ਨਾਲ ਕਈ ਸਿੱਖ ਸਰਦਾਰ ਵੀ ਨਾਲ ਮਿਲਾ ਲਏ। ਇਸ ਹਾਲਤ ਵਿੱਚ ਬਘੇਲ ਸਿੰਘ ਨੇ ਸ਼ਾਹੀ ਸੈਨਾ `ਤੇ ਸਿੱਧੇ ਹਮਲੇ ਦੀ ਥਾਂ ਗੁਰੀਲਾ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਦਿੱਲੀ ਦੇ ਜਰਨੈਲ ਦੇ ਪੋਤੇ ਮਿਰਜ਼ਾ ਸ਼ਫੀ ਨੇ ਸਿੱਖਾਂ ਵਿਰੁੱਧ ਸਿੱਖਾਂ ਵਾਲਾ ਗੁਰੀਲਾ ਯੁੱਧ ਹੀ ਅਪਨਾਉਣਾ ਠੀਕ ਸਮਝਿਆ। ਮਹਾਰਾਜਾ ਪਟਿਆਲਾ ਤੇ ਮਹਾਰਾਜਾ ਜੀਂਦ ਦੀ ਸਿੱਖਾਂ ਨਾਲ ਅਣਬਣ ਦਾ ਵੀ ਉਸ ਨੇ ਫਾਇਦਾ ਉਠਾਇਆ। ਜ਼ਾਬਿਤਾ ਖਾਨ ਨੇ ਦੀਵਾਨ ਸਿੰਘ ਨਾਲ ਮਿਲ ਕੇ ਬਘੇਲ ਸਿੰਘ ਵਿਰੁੱਧ ਯੁੱਧ ਛੇੜ ਦਿੱਤਾ। ਬਘੇਲ ਸਿੰਘ ਨਾਲ ਉਸ ਵੇਲੇ ਸਦਾ ਸਿੰਘ, ਦੂਲਾ ਸਿੰਘ, ਕਰਮ ਸਿੰਘ ਸ਼ਹੀਦ, ਗੁਰਬਖਸ਼ ਸਿੰਘ, ਲਾਲ ਸਿੰਘ ਤੇ ਕਰਨ ਸਿੰਘ ਆ ਜੁੜੇ। 6800 ਘੋੜ ਸਵਾਰਾਂ ਨਾਲ ਉਨ੍ਹਾਂ ਨੇ ਜਮਨਾ ਪਾਰ ਹਮਲੇ ਦੀ ਠਾਣੀ ਤਾਂ ਕਿ ਮਿਰਜ਼ਾ ਸ਼ਫੀ ਨੂੰ ਪਿਛੋਂ ਘੇਰਿਆ ਜਾ ਸਕੇ। 25 ਫਰਵਰੀ, 1781 ਨੂੰ ਰਡੌਰ ਦੇ ਕੈਂਪ ਤੇ ਫਿਰ 28 ਫਰਵਰੀ ਨੂੰ ਸਿਕੰਦਰਾ ਦੇ ਕੈਂਪ `ਤੇ ਹਮਲਾ ਕੀਤਾ ਜਿਸ ਨਾਲ ਮਿਰਜਾ ਸ਼ਫੀ ਹਿੱਲ ਗਿਆ। ਸਿੱਖਾਂ ਨੇ 11 ਮਾਰਚ ਨੂੰ ਹਮਲੇ ਵਿੱਚ 3000 ਘੋੜੇ ਹਥਿਆ ਲਏ। ਮਿਰਜ਼ਾ ਸ਼ਫੀ ਦੇ ਮਦਦਗਾਰਾਂ ਮਹਾਰਾਜਾ ਪਟਿਆਲਾ ਅਮਰ ਸਿੰਘ, ਸਪੁੱਤਰ ਸਾਹਿਬ ਸਿੰਘ, ਭਾਗ ਸਿੰਘ, ਭੰਗਾ ਸਿੰਘ ਨੂੰ ਵੱਖ ਕਰਨ ਲਈ ਜੱਸਾ ਸਿੰਘ ਆਹਲੂਵਾਲੀਆ ਨੇ ਉਨ੍ਹਾਂ ਉਪਰ ਹਮਲਾ ਕਰ ਦਿੱਤਾ ਤਾਂ ਉਹ ਪਿਛੇ ਹੱਟ ਗਏ। ਮੁਗਲ ਜਰਨੈਲ ਮਿਰਜ਼ਾ ਸ਼ਫੀ ਗੁਰੀਲਾ ਯੁੱਧ ਵਿੱਚ ਸਿੱਖਾਂ ਨੂੰ ਮਾਤ ਨਾ ਪਾ ਸਕਿਆ ਤੇ 12 ਜੂਨ, 1781 ਨੂੰ ਬਘੇਲ ਸਿੰਘ ਤੇ ਗੁਰਦਿੱਤ ਸਿੰਘ ਨੂੰ ਦੋਸਤੀ ਦਾ ਹੱਥ ਵਧਾਉਣ ਲਈ ਖ਼ਤ ਲਿਖਿਆ। ਬਦਲੇ ਵਿੱਚ ਰਡੌਲ, ਬਬੀਨ ਤੇ ਸ਼ਾਮਗੜ੍ਹ ਦੇਣੇ ਮੰਨੇ ਪਰ ਬਘੇਲ ਸਿੰਘ ਨੇ ਆਪਣੀਆਂ ਸ਼ਰਤਾਂ ਰੱਖੀਆਂ।
10 ਜੂਨ, 1781 ਦੇ ਖ਼ਤ ਅਨੁਸਾਰ ‘ਨਜਫ ਖਾਨ ਨੇ ਅੰਬਰ ਸ਼ਾਹ ਨੂੰ ਦਿੱਲੀ ਤੋਂ ਮਿਰਜ਼ਾ ਸ਼ਫੀ ਕੋਲ 40, 000 ਸਿਪਾਹੀ ਤੇ ਤੋਪਾਂ ਦੇ ਕੇ ਘੱਲਿਆ। ਸਿੱਖਾਂ ਨਾਲ ਭਰਵਾਂ ਯੁੱਧ ਹੋਇਆ ਜਿਸ ਵਿੱਚ 10 ਤੋਂ 15 ਹਜ਼ਾਰ ਸ਼ਾਹੀ ਫੌਜ ਮਾਰੀ ਗਈ ਤੇ ਤੋਪਾਂ ਵੀ ਹੱਥੋਂ ਗਈਆਂ। ਸਿੱਖਾਂ ਕੋਲੋਂ ਬੁਰੀ ਹਾਰ ਖਾਣ ਪਿਛੋਂ ਮੁਗਲ ਫੌਜਾਂ ਪਾਣੀਪਤ ਮੁੜ ਆਈਆਂ। 6 ਅਪ੍ਰੈਲ 1782 ਨੂੰ ਨਜਫ ਖਾਂ ਦੀ ਮੌਤ ਹੋ ਗਈ। ਫਰਵਰੀ 1783 ਵਿੱਚ ਜੱਸਾ ਸਿੰਘ ਆਹਲੂਵਾਲੀਆ, ਬਘੇਲ ਸਿੰਘ ਤੇ ਹੋਰ ਜਰਨੈਲ 70, 000 ਸਿਪਾਹੀ ਲੈ ਕੇ ਗਾਜ਼ੀਆਬਾਦ, ਬੁਲੰਦ ਸ਼ਹਿਰ ਤੇ ਖੁਰਜਾ `ਤੇ ਜਾ ਚੜ੍ਹੇ। ਸਭ ਨੇ ਜੋ ਖੋਹਿਆ ਉਸ ਦਾ ਦਸਵੰਧ ਦਰਬਾਰ ਸਾਹਿਬ ਅੰਮ੍ਰਿਤਸਰ ਭੇਜਿਆ ਜੋ ਇੱਕ ਲੱਖ ਸੀ। ਫਿਰ ਇਨ੍ਹਾਂ ਨੇ ਅਲੀਗੜ੍ਹ, ਟੁੰਡਲਾ, ਹਾਥਰਸ, ਸ਼ਿਕੋਹਾਬਾਦ ਤੇ ਫਰੁਖਾਬਾਦ ਜਾ ਲੁੱਟੇ। ਬਘੇਲ ਸਿੰਘ ਹੱਥ ਇੱਕ ਹੀਰਿਆਂ ਜੜ੍ਹੀ ਸੋਟੀ ਲੱਗੀ ਜੋ ਉਸ ਸਮੇਂ 33, 000 ਰੁਪਏ ਦੀ ਸੀ। ਮੁੜਦਿਆਂ ਨੇ ਆਗਰਾ ਲੁੱਟਿਆ। ਸਿੱਖ ਹੁਣ ਦਿੱਲੀ ਉਤੇ ਭਾਰੂ ਹੋ ਗਏ ਸਨ। 8 ਮਾਰਚ, 1783 ਬਘੇਲ ਸਿੰਘ ਨੇ 40, 000 ਫੌਜ ਨਾਲ ਜਮੁਨਾ ਕੰਢੇ ਬਗਗਾੜੀ ਘਾਟ `ਤੇ ਕਬਜ਼ਾ ਕਰ ਲਿਆ। ਫਿਰ ਮਲਕ ਗੰਜ ਤੇ ਸਬਜ਼ੀ ਮੰਡੀ ਜਾ ਲੁੱਟੇ ਤੇ ਮੁਗਲਪੁਰਾ ਤੇ ਮੈਹਤਾਬਪੁਰਾ ਜਾ ਘੇਰੇ। ਸਿੱਖ ਅਜਮੇਰੀ ਗੇਟ ਰਾਹੀਂ ਦਿੱਲੀ ਵਿੱਚ ਜਾ ਦਾਖ਼ਲ ਹੋਏ ਤੇ ਹੌਜ਼ ਕਾਜ਼ੀ ਜਾ ਲੁੱਟਿਆ। ਬਾਦਸ਼ਾਹ ਨੇ ਸਮਰੋ ਬੇਗਮ ਨੂੰ ਬੁਲਾ ਭੇਜਿਆ। ਏਨੇ ਨੂੰ ਜੱਸਾ ਸਿੰਘ ਰਾਮਗੜ੍ਹੀਆ ਤੇ ਜੱਸਾ ਸਿੰਘ ਆਹਲੂਵਾਲੀਆ ਹਿਸਾਰ ਵਲੋਂ 10, 000 ਫੌਜ ਲੈ ਕੇ ਪਹੁੰਚ ਗਏ। ਬਘੇਲ ਸਿੰਘ ਨੇ ਜਿਥੇ ਆਪਣੇ ਤੀਹ ਹਜ਼ਾਰ ਸਿਪਾਹੀ ਰੱਖੇ ਸਨ ਉਹ ਹੁਣ ਤੀਸ ਹਜ਼ਾਰੀ ਨਾਮ ਨਾਲ ਪ੍ਰਸਿੱਧ ਹੈ।17 ਮਾਰਚ, 1783 ਦਾ ਉਹ ਇਤਿਹਾਸਕ ਦਿਨ ਹੈ ਜਦ ਸਿੱਖਾਂ ਨੇ ਲਾਲ ਕਿਲ੍ਹੇ `ਤੇ ਸਿੱਖ ਝੰਡਾ ਜਾ ਫਹਿਰਾਇਆ। ਸ਼ਾਹ ਆਲਮ ਜਾ ਛੁਪਿਆ। ਜੱਸਾ ਸਿੰਘ ਆਹਲੂਵਾਲੀਆ ਨੂੰ ਤਖ਼ਤ `ਤੇ ਬਿਠਾਇਆ ਗਿਆ ਤੇ ਮੋਰ ਪੰਖ ਝੁਲਾਏ ਗਏ। ਜੱਸਾ ਸਿੰਘ ਰਾਮਗੜ੍ਹੀਆ ਨੇ ਇਸ ਨੂੰ ਨਾਪਸੰਦ ਕੀਤਾ ਤਾਂ ਆਹਲੂਵਾਲੀਆ ਨੇ ਤਖ਼ਤ ਛੱਡ ਦਿੱਤਾ। ਇਸ ਤਰ੍ਹਾਂ ਆਪਸ ਦੀ ਈਰਖਾ ਨੇ ਸਿੱਖਾਂ ਹੱਥ ਆਇਆ ਦਿੱਲੀ ਦਾ ਰਾਜ ਗੁਆ ਦਿੱਤਾ।ਦੀਵਾਨੇ-ਖਾਸ ਤੇ ਦੀਵਾਨੇ-ਆਮ ਲੁੱਟਕੇ ਹਟੇ ਸਨ ਕਿ 12 ਮਾਰਚ ਨੂੰ ਸਮਰੋ ਬੇਗਮ ਦਿੱਲੀ ਆ ਗਈ ਤੇ ਉਸ ਨੇ ਸ਼ਾਹ ਆਲਮ ਦੂਜੇ ਨੂੰ ਸਿੱਖਾਂ ਬਾਰੇ ਦੱਸਿਆ ਤੇ ਬਘੇਲ ਸਿੰਘ ਨਾਲ ਗੱਲ ਕਰਨ ਲਈ ਕਿਹਾ। ਬਘੇਲ ਸਿੰਘ ਨੂੰ ਮਿਲ ਕੇ ਬੇਗਮ ਸਮਰੋ ਨੇ ਬਾਦਸ਼ਾਹ ਤੋਂ ਇਹ ਸ਼ਰਤਾਂ ਮਨਵਾਈਆਂ।  (ੳ) ਖਾਲਸੇ ਨੂੰ ਤਿੰਨ ਲੱਖ ਇਵਜ਼ਾਨਾ ਜੁਰਮਾਨੇ ਵਜੋਂ ਦਿੱਤਾ ਜਾਵੇਗਾ।(ਅ) ਬਘੇਲ ਸਿੰਘ ਦਿੱਲੀ ਵਿੱਚ ਚਾਰ ਹਜ਼ਾਰ ਸਿਪਾਹੀ ਰੱਖ ਸਕਦਾ ਹੈ। ਉਸ ਦਾ ਦਫ਼ਤਰ ਸਬਜ਼ੀ ਮੰਡੀ ਹੋਵੇਗਾ (ੲ) ਬਘੇਲ ਸਿੰਘ ਨੂੰ ਸਤ ਸਿੱਖ ਇਤਿਹਾਸਕ ਗੁਰਦੁਆਰੇ ਬਨਾਉਣ ਦੀ ਖੁੱਲ੍ਹ ਹੋਵੇਗੀ ਜੋ ਜਲਦੀ ਹੀ ਪੂਰਨ ਕਰਨ ਤੇ ਬਘੇਲ ਸਿੰਘ ਵਾਪਸ ਜਾਵੇਗਾ। (ਸ) ਬਘੇਲ ਸਿੰਘ ਸਾਰੀ ਦਿੱਲੀ ਦੀ ਚੁੰਗੀ ਉਗਰਾਹੇਗਾ ਤੇ ਛਿਆਨੀ (ਰੁਪੈ ਵਿੱਚੋਂ ਛੇ ਆਨੇ) ਆਪਣੇ ਖਰਚ ਲਈ ਲਵੇਗਾ, ਜਿਸ ਵਿੱਚੋਂ ਗੁਰਦੁਆਰੇ ਬਣਾਏ ਜਾਣਗੇ। (ਹ) ਦਿੱਲੀ ਵਿੱਚ ਰਹਿੰਦੇ ਹੋਏ ਸਿੱਖ ਕੋਈ ਲੁੱਟ-ਖੋਹ ਨਹੀਂ ਕਰਨਗੇ। ਸਮਝੌਤੇ ਪਿਛੋਂ 4000 ਸਿਪਾਹੀਆਂ ਨਾਲ ਬਘੇਲ ਸਿੰਘ ਨੇ ਸਤ ਗੁਰਦੁਆਰੇ ਮਾਤਾ ਸੁੰਦਰੀ, ਮਜਨੂੰ ਟਿਲਾ, ਮੋਤੀ ਬਾਗ, ਬੰਗਲਾ ਸਾਹਿਬ, ਸੀਸ ਗੰਜ, ਰਕਾਬ ਗੰਜ, ਬਾਲਾ ਸਾਹਿਬ ਪਹਿਲ ਦੇ ਆਧਾਰ `ਤੇ ਉਸਾਰੇ। ਬਘੇਲ ਸਿੰਘ ਦੀ ਸਿੱਖ ਕੌਮ ਲਈ ਇਹ ਬਹੁਤ ਵੱਡੀ ਦੇਣ ਸੀ। ਬਾਦਸ਼ਾਹ ਆਲਮ ਦੂਜਾ ਬਘੇਲ ਸਿੰਘ ਨੂੰ ਮਿਲਣ ਦਾ ਇਛੁਕ ਸੀ ਪਰ ਇਸ ਲਈ ਬਘੇਲ ਸਿੰਘ ਨੇ ਸ਼ਰਤਾਂ ਰੱਖੀਆਂ ਕਿ ਉਹ ਸਿਰ ਨਹੀਂ ਝੁਕਾਏਗਾ, ਇਕੱਲਾ ਨਹੀਂ ਆਏਗਾ ਤੇ ਕਿਸੇ ਦਾ ਕੋਈ ਬੁਰਾ ਕਟਾਖ ਨਹੀਂ ਸਹੇਗਾ। ਬਾਦਸ਼ਾਹ ਦੇ ਮੰਨਣ `ਤੇ ਸਭ ਬੁਚੜਾਂ ਦੀਆਂ ਦੁਕਾਨਾਂ ਬੰਦ ਕੀਤੀਆਂ ਗਈਆਂ। ਹਾਥੀ ਦੀ ਸਵਾਰੀ `ਤੇ ਬਘੇਲ ਸਿੰਘ, ਸ਼ਾਹੀ ਦਰਬਾਰ ਸ਼ਸ਼ਤਰਧਾਰੀ ਸਿੱਖਾਂ ਸਮੇਤ ਪਹੁੰਚਿਆ, ਬਾਦਸ਼ਾਹ ਮਿਲਣ `ਤੇ ਖੁਸ਼ ਹੋਇਆ ਤੇ ਤੋਹਫੇ ਦਿੱਤੇ। ਸੰਨ 1784 ਤੇ ਫਿਰ 1789 ਵਿੱਚ ਜਮਨਾ ਪਾਰੋਂ ਉਗਰਾਹੀਆਂ ਚੱਲਦੀਆਂ ਰਹੀਆਂ। ਬਘੇਲ ਸਿੰਘ ਦੀ ਮੌਤ 1800 ਵਿੱਚ ਹੋਈ ਦੱਸੀ ਜਾਂਦੀ ਹੈ। ਇਸ ਤਰ੍ਹਾਂ ਸਿੱਖ ਰਾਜ ਦਾ ਇੱਕ ਉਜਲ ਸਿਤਾਰਾ ਸਿੱਖਾਂ ਨੂੰ ਚੜ੍ਹਦੀਆਂ ਕਲਾਂ ਵਿੱਚ ਲਿਜਾ ਕੇ ਰੱਬ ਨੂੰ ਪਿਆਰਾ ਹੋ ਗਿਆ। ~~ ਡਾ: (ਕਰਨਲ) ਦਲਵਿੰਦਰ ਸਿੰਘ ਗਰੇਵਾਲ (1925 ਬਸੰਤ ਐਵੇਨਿਊ, ਲੁਧਿਆਣਾ) (Terms of Service -: This Content Is Not my Own on this website . It is taken from another website,artical,youtube,newspaper,facebook or dailymotion. If u Have Any Issue About Any Content U Can Send Us Massage in page inbox. We will delete that content from website.)