ਪ੍ਰਗਟਿਓ ਖਾਲਸਾ । ਆਪ ਜਰੂਰ ਪੜ੍ਹੋ ਜੀ ਅਤੇ ਹੋਰਨਾਂ ਨੂੰ ਵੀ ਸ਼ੇਅਰ ਕਰੋ ਜੀ

202

ਵਿਸਾਖੀ ਦਾ ਦਿਹਾੜਾ ਜਿਸ ਦਿਨ ਵਿਸਾਖ ਮਹੀਨੇ ਦੀ ਪਹਿਲੀ ਤਰੀਕ ਹੁੰਦੀ ਹੈ ਪੰਜਾਬ ਦੀ ਧਰਤ ਉੱਤੇ ਸਦੀਆਂ ਤੋਂ ਇਸ ਦਿਨ ਨੂੰ ਬੜੇ ਚਾਅ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ। ਰੁੱਤ ਦੇ ਬਦਲਣ ਦੇ ਨਾਲ ਨਾਲ ਜਿੱਥੇ ਵਿਸਾਖ ਦਾ ਮਹੀਨਾ ਬਸੰਤ ਨੂੰ ਹੰਢਾ ਰਿਹਾ ਹੁੰਦਾ ਹੈ ਉੱਥੇ ਫ਼ਸਲੀ ਚੱਕਰ ਦੇ ਮੁਤਾਬਕ ਕਣਕਾਂ ਦਾ ਸੋਨ ਸੁਨਹਿਰੀ ਰੰਗ ਮਿੱਟੀ ਨਾਲ ਮਿੱਟੀ ਹੋ ਕੇ ਕਿਰਤ ਕਰਨ ਵਾਲੇ ਕਿਸਾਨ ਦੇ ਮਨ ਅੰਦਰ ਉਤਸ਼ਾਹ ਦੇ ਤੂਫ਼ਾਨ ਲੈ ਆਉਂਦਾ ਹੈ। ਕਿਉਂਕਿ ਜੀਆਂ ਦੀ ਪੇਟ ਪੂਰਤੀ ਲਈ ਉਸ ਨੇ ਮਿੱਟੀ ਵਿੱਚੋਂ ਅਨਾਜ ਦੀ ਦੌਲਤ ਨੂੰ ਪੈਦਾ ਕਰ ਲਿਆ ਹੁੰਦਾ ਹੈ। ਕਈ ਮਹੀਨਿਆਂ ਦੀ ਕਰੜੀ ਘਾਲਣਾ ਅਤੇ ਕਠੋਰ ਠੰਡ ਨੂੰ ਆਪਣੇ ਜਿਸਮ ਤੇ ਸਹਿ ਕੇ ਰੀਝਾਂ ਸੱਧਰਾਂ ਦੇ ਨਾਲ ਪਾਲੀ ਹੋਈ ਫਸਲ ਬੋਹਲ ਲੱਗਣ ਵਾਸਤੇ ਪੱਕ ਕੇ ਤਿਆਰ ਹੋ ਜਾਂਦੀ ਹੈ |ਵਿਸਾਖੀ ਦੇ ਇਸ ਦਿਨ ਨੂੰ ਜਦੋਂ ਆਪਣੀਆਂ ਪੱਕੀਆਂ ਫਸਲਾਂ ਨੂੰ ਵੱਢਣ ਵਾਸਤੇ ਕਿਸਾਨ ਦਾਤੀਆਂ ਦੇ ਦੰਦੇ ਤਿੱਖੇ ਕਰ ਲੈਂਦਾ ਸੀ ਆਪਸ ਵਿੱਚ ਰਲ ਮਿਲ ਕੇ ਭਾਈਚਾਰਕ ਸਾਂਝ ਦੀ ਤੰਦ ਨੂੰ ਹੋਰ ਪੱਕਿਆਂ ਕਰਨ ਲਈ ਅਤੇ ਆਪਣੇ ਅੰਦਰ ਦੇ ਚਾਅ ਅਤੇ ਉਤਸ਼ਾਹ ਦਾ ਪ੍ਰਗਟਾਵਾ ਕਰਨ ਲਈ ਇਸ ਤਿਉਹਾਰ ਨੂੰ ਮਨਾਇਆ ਮਨਾਇਆ ਜਾਂਦਾ ਸੀ। ਜਿਸ ਨੂੰ ਪੁਰਾਣੇ ਸਮੇਂ ਵਿੱਚ ਦਰਿਆਵਾਂ ਦੇ ਨੇੜੇ ਰਹਿਣ ਵਾਲੇ ਪਿੰਡਾਂ ਦੇ ਲੋਕ ਇਕੱਤਰ ਹੋ ਕੇ ਦਰਿਆਵਾਂ ਦੇ ਕੰਢਿਆਂ ਦੇ ਉੱਤੇ ਆ ਸਜਦੇ ਅਤੇ ਦਰਿਆ ਵਿੱਚ ਚੁੱਭੇ ਲਾਉਂਦੇ ਇਸ ਨੂੰ ਸਥਾਨਕ ਬੋਲੀ ਵਿੱਚ ਵਸੋਅਾ ਨਹਾਉਣਾ ਕਹਿੰਦੇ ਸਨ। ਪੰਜਾਬ ਦੀ ਧਰਤ ਦੇ ਲੋਕਾਂ ਦਾ ਦਿਲ ਸਦੀਆਂ ਦੀਆਂ ਪ੍ਰਸਥਿਤੀਆਂ ਨੇ ਬੜਾ ਖੁੱਲ੍ਹਾਂ ਬੜਾ ਖੁਲਾਸਾ ਅਤੇ ਮੁਸੀਬਤਾਂ ਨਾਲ ਨਜਿੱਠਣ ਵਾਲਾ ਬਣਾ ਦਿੱਤਾ ਹੋਇਆ ਸੀ। ਉਹ ਆਪਣੀ ਪੱਕੀ ਹੋਈ ਫ਼ਸਲ ਦਾ ਉਤਸ਼ਾਹ ਵੀ ਆਪਣੇ ਅੰਦਰ ਦਬਾਅ ਨਹੀਂ ਸਨ ਸਕਦੇ ਤੇ ਇਸ ਮੌਸਮੀ ਤਿਉਹਾਰ ਨੂੰ ਉਹ ਸਾਰਾ ਸਾਲ ਉਡੀਕਦੇ ਅਤੇ ਤਿਉਹਾਰ ਆਉਣ ਤੇ ਉਸ ਨੂੰ ਬੜੇ ਚਾਅ ਨਾਲ ਮਨਾਉਂਦੇ। ਉਨ੍ਹਾਂ ਸਮਿਆਂ ਵਿੱਚ ਕੋਈ ਤਰੀਕਾਂ ਦੱਸਣ ਵਾਲਾ ਸਿਲਸਿਲਾ ਆਮ ਲੋਕਾਂ ਦੀ ਪਹੁੰਚ ਤੋਂ ਬੜਾ ਬਾਹਰ ਦਾ ਸੀ। ਸਿਆਣੇ ਬਜ਼ੁਰਗ ਚੰਦਰਮਾਂ ਦੇ ਵਾਧੇ ਘਾਟੇ ਤੋਂ ਤੇ ਰੁੱਤਾਂ ਦੇ ਬਦਲਣ ਤੋਂ ਦਿਨ ਤਿਉਹਾਰਾਂ ਤੇ ਤਰੀਕਾਂ ਦਾ ਪਤਾ ਕਰਦੇ ਸਨ। ਵੱਡੀ ਪੱਧਰ ਤੇ ਉਤਸ਼ਾਹ ਦਾ ਕੇਂਦਰ ਬਿੰਦੂ ਬਣੇ ਹੋਏ ਇਨ੍ਹਾਂ ਦਿਨਾਂ ਦੀ ਉਡੀਕ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੂੰ ਹੁੰਦੀ ਸੀ। ਵਿਸੋੲੇ ਭਾਵ ਵਿਸਾਖੀ ਵਾਲੇ ਦਿਨ ਦੇ ਇਸ ਉਤਸ਼ਾਹ ਨੂੰ ਹੀ ਪ੍ਰਤੀਕ ਰੂਪ ਵਿੱਚ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਮਹਾਰਾਜ ਜੀ ਦੀ ਬਾਣੀ ਨੂੰ ਪੜ੍ਹਨ ਗਾਉਣ ਅਤੇ ਵਿਚਾਰਨ ਵਾਲੇ ਸਤਸੰਗੀਆਂ ਦੇ ਉਤਸ਼ਾਹ ਨੂੰ ਦਰਸਾਉਣ ਵਾਸਤੇ ਪ੍ਰਤੀਕ ਵਜੋਂ ਵਰਤਿਆ ਹੈ। “ਘਰਿ ਘਰਿ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਅਾ।” ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜਿਨ੍ਹਾਂ ਦੇ ਮੁਖੀ ਸਿੱਖਾਂ ਦੀ ਸਭਾ ਵਿੱਚ ਜਿਸ ਗੁਰਸਿੱਖ ਸਭਾ ਦੇ ਸ਼ਿੰਗਾਰ ਭਾਈ ਪਾਰੋ ਵਰਗੇ ਉੱਤਮ ਬਿਰਤੀ ਦੇ ਸਿੱਖ ਸਨ ਗੁਰੂ ਮਹਾਰਾਜ ਦੀ ਅਗਵਾਈ ਵਿੱਚ ਇਹ ਫੈਸਲਾ ਕਰਦੇ ਹਨ ਕਿ ਸਾਨੂੰ ਸਾਲ ਵਿੱਚ ਦੋ ਦਿਨ ਸਿੱਖਾਂ ਦੇ ਵੱਡੇ ਇਕੱਠ ਲਈ ਨਿਯਤ ਕਰਨੇ ਚਾਹੀਦੇ ਹਨ। ਉਨ੍ਹਾਂ ਵਿੱਚੋਂ ਇੱਕ ਵਿਸਾਖੀ ਦਾ ਦਿਨ ਸੀ। ਗੁਰੂ ਨਾਨਕ ਦੇ ਰਸਤੇ ਦੇ ਪਾਂਧੀ ਗੁਰਸਿੱਖਾਂ ਵਾਸਤੇ ਰੁੱਤ ਫਸਲ ਅਤੇ ਲੋਕ ਤਿਉਹਾਰ ਦੇ ਉਤਸ਼ਾਹ ਦੇ ਨਾਲ ਨਾਲ ਸਿੱਖਾਂ ਦੇ ਸੰਗਤੀ ਇਕੱਠ ਦੇ ਉਤਸ਼ਾਹ ਨੇ ਉਨ੍ਹਾਂ ਦੇ ਜਜ਼ਬਿਆਂ ਨੂੰ ਚਾਰ ਚੰਨ ਲਾ ਦਿੱਤੇ ਸਨ। ਕਲਗੀਧਰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ੧੬੯੯ ੲੀ: ਦੀ ਵਿਸਾਖੀ ਨੂੰ ਕੇਸਗੜ੍ਹ ਦੇ ਅਸਥਾਨ ਉਪਰ ਸਿੱਖਾਂ ਦਾ ਇੱਕ ਭਰਵਾਂ ਇਕੱਠ ਬੁਲਾਇਆ। ਜਿਸ ਵਿੱਚ ਸਿੱਖ ਵਿਚਾਰਧਾਰਾ ਨੂੰ ਕੌਮੀ ਸਰੂਪ ਵਿੱਚ ਸਿੱਕੇ ਬੰਦ ਕਰਦਿਆਂ ਖਾਲਸਾ ਲਕਬ ਦੇ ਕੇ ਖਾਲਸਾਈ ਜਜ਼ਬੇ ਦੇ ਨਾਲ ਓਤਪੋਤ ਕਰ ਦਿੱਤਾ। ਖਾਲਸੇ ਦਾ ਪ੍ਰਗਟ ਦਿਹਾੜਾ ਸਿੱਖ ਇਤਿਹਾਸ ਦੀ ਉਹ ਲਾਸਾਨੀ ਘਟਨਾ ਹੈ ਜਿਸ ਨੂੰ ਸਦੀਆਂ ਤੋਂ ਗਾਇਆ, ਕਥਿਆ, ਲਿਖਿਆ, ਸੁਣਿਆ, ਸੁਣਾਇਆ ਅਤੇ ਵਿਚਾਰਿਆ ਜਾ ਰਿਹਾ ਹੈ। ਊਚ ਨੀਚ, ਜਾਤ ਪਾਤ, ਵਰਣ ਆਸ਼ਰਮ, ਛੂਆ ਛਾਤ ਦੇ ਭੇਦ ਭਰਮ ਨੂੰ ਮਿਟਾ ਦੇਣ ਵਾਲਾ ਸਮੇਂ ਦੀ ਜ਼ਾਲਮ ਸ਼ਾਹੀ ਦੇ ਨਾਲ ਟਕਰਾਅ ਜਾਣ ਵਾਲਾ, ਜ਼ੁਲਮ ਅੱਤਿਆਚਾਰ ਅਤੇ ਅਨਿਆਂ ਦੇ ਖ਼ਿਲਾਫ਼ ਪੈਰ ਗੱਡ ਕੇ ਖਲੋਣ ਵਾਲਾ , ਉਸ ਅਕਾਲ ਪੁਰਖ ਦੀ ਬਖਸ਼ਿਸ਼ ਅਤੇ ਦਾਤ ਮੰਨਣ ਵਾਲਾ, ਜਿਸ ਦੇ ਧਾਰਮਿਕ ਅਕੀਦੇ ਬੜੇ ਸ਼ੁੱਭ ਸਨ, ਜੋ ਸਮਾਜਿਕ ਤੌਰ ਤੇ ਬੜਾ ਸਪਸ਼ਟ ਸੀ, ਹਰ ਤਰ੍ਹਾਂ ਦੀਆਂ ਲਾਲਸਾਵਾਂ ਤੋਂ ਮੁਕਤ, ਦੂਈ ਦਵੈਤ, ਵੈਰ ਤੋਂ ਸੁਰਤ ਨੂੰ ਉੱਚਿਆਂ ਰੱਖਣ ਵਾਲਾ, ਦਸਮੇਸ਼ ਦਾ ਸਜਾਇਆ ਹੋਇਆ ਖਾਲਸਾ ਦੁਨੀਆਂ ਦੇ ਮੰਚ ਉੱਤੇ ਸਪੱਸ਼ਟ ਰੂਪ ਵਿੱਚ ਰੂਪਮਾਨ ਹੋ ਗਿਆ ਸੀ। ਕੇਸਗੜ੍ਹ ਦੇ ਇਸ ਮੰਚ ਤੱਕ ਪਹੁੰਚਣ ਵਾਸਤੇ ਸਦੀਆਂ ਦਾ ਸਫ਼ਰ ਕਰ ਕੇ, ਸਤਸੰਗਤ ਦੀ ਕੁਠਾਲੀ ਵਿੱਚ ਢਲ ਕੇ, ਸੇਵਾ, ਸਿਮਰਨ, ਪਰਉਪਕਾਰ, ਬਰਾਬਰਤਾ, ਸਾਂਝੀਵਾਲਤਾ, ਧੀਰਜ ਆਦਿਕ ਧਰਮ ਦੇ ਅਦੁੱਤੀ ਗੁਣਾਂ ਨੂੰ ਜੀਵਨ ਵਿੱਚ ਵਸਾ ਕੇ, ਹਰ ਤਰ੍ਹਾਂ ਦੇ ਵਹਿਮ ਭਰਮ, ਅੰਧਵਿਸ਼ਵਾਸ, ਕਰਮਕਾਂਡ ਤੋਂ ਮੁਕਤ ਹੋ ਕੇ, ਕੁਦਰਤੀ ਸ਼ਕਤੀਆਂ, ਦੇਵੀ ਦੇਵਤੇ, ਅਾਦਕ ਦੀ  ੳੁਪਾਸਨਾ ਦੇ ਦੰਭ ਤਿਅਾਗ ਕੇ, ਮੋਮਨ ਕਾਫਰ ਦੇ ਝਗੜਿਆਂ ਤੋਂ ਮੁਕਤ ਹੋ ਕੇ, ਗੁਰੂ ਦੇ ਸ਼ਬਦ ਦੀ ਰੰਗਤ ਲੈ ਕੇ ਇਸ ਮੁਕਾਮ ਤੱਕ ਪਹੁੰਚਿਆ ਸੀ। ਖ਼ਾਲਸੇ ਦੀ ਰੂਹ ਵਿੱਚ ਇੱਕ ਅਕਾਲ ਪੁਰਖ ਦੀ ਹੋਂਦ ਦਾ ਅਹਿਸਾਸ, ਸਾਰੀ ਮਨੁੱਖਤਾ, ਕੁਦਰਤ ਵਿੱਚ ਪਰਮੇਸ਼ਰ ਦਾ ਓਤ ਪੋਤ ਹੋਣਾ, ਨੇਕ ਅਮਲ ਅਤੇ ਕਿਰਦਾਰ ਦੀ ਉੱਚਤਾ ਦਾ ਅਭਿਆਸ ਕਰਦੇ ਰਹਿਣਾ, ਅਦੁੱਤੀ ਗੁਣ ਵਸਾਏ ਗਏ। ਸਿੱਖ ਇਤਿਹਾਸ ਵਿੱਚ ਐਸੀਆਂ ਬਹੁਤ ਝਾਕੀਆਂ ਅਤੇ ਬਹੁਤ ਘਟਨਾਵਾਂ ਮਿਲ ਜਾਣਗੀਆਂ ਜੋ ਸਾਡੇ ਉਪਰੋਕਤ ਕਥਨਾਂ ਨੂੰ ਰੂਪਮਾਨ ਕਰਦੀਅਾਂ ਹਨ। ਖੰਡੇ ਦੀ ਪਾਹੁਲ, ਕਕਾਰ, ਬਾਣੀ ਦਾ ਅਭਿਆਸ, ਖ਼ਾਲਸੇ ਨੂੰ ਆਪਣੇ ਆਦਰਸ਼ ਨਾਲ ਜੋੜੀ ਰੱਖਣ, ਆਦਰਸ਼ ਨੂੰ ਪ੍ਰਣਾਏ ਰਹਿਣ ਅਤੇ ਗੁਰੂ ਦੀ ਹੋਂਦ ਦਾ ਅਹਿਸਾਸ ਜਿਉਂਦਾ ਰੱਖਣ ਵਾਸਤੇ ਦਿੱਤੀਆਂ ਗਈਆਂ ਨਿਸ਼ਾਨੀਆਂ ਅਤੇ ਦਾਤਾਂ ਹਨ। ਮੌਜੂਦਾ ਦੌਰ ਵਿੱਚ ਧਰਮ, ਰਾਜਨੀਤੀ, ਸਮਾਜ, ਆਦਿ ਕਈ ਪੱਖਾਂ ਵਿੱਚ ਮਨੁੱਖ ਅਧੋਗਤੀਆਂ ਦਾ ਨਿਰੰਤਰ ਸ਼ਿਕਾਰ ਹੁੰਦਾ ਆ ਰਿਹਾ ਹੈ ਤੇ ਅੱਜ ਵੀ ਹੋ ਰਿਹਾ ਹੈ। ਅਜਿਹੇ ਅੰਧਕਾਰ ਮਈ ਮਾਹੌਲ ਵਿੱਚ ਸਾਨੂੰ ਸਭਨਾਂ ਨੂੰ ਚਾਹੀਦਾ ਹੈ ਗੁਰੂ ਸਾਹਿਬ ਦੇ ਬਖਸ਼ੇ ਹੋਏ ਆਦਰਸ਼ ਦੀ ਚਰਚਾ ਕਰੀਏ, ਇਸ ਨੂੰ ਅਪਣਾਈਏ, ਜੀਵੀਏ, ਅਤੇ ਇਸ ਦਾ ਫੈਲਾਓ ਕਰਕੇ ਪ੍ਰਮਾਤਮ ਕੀ ਮੌਜ ਵਿੱਚੋਂ ਪ੍ਰਗਟ ਹੋਏ ਖਾਲਸੇ ਦੇ ਆਦਰਸ਼ ਦੀ ਨਿਰੰਤਰ ਸਥਾਪਤੀ ਦਾ ਯਤਨ ਕਰਦੇ ਰਹੀਏ (ਹਰਜਿੰਦਰ ਸਿੰਘ ‘ਸਭਰਾਅ’ ੩੧ ਚੇਤਰ ਸੰਮਤ ਨਾਨਕਸ਼ਾਹੀ ੫੫੧