ਸਰਦਾਰਾਂ ਤੋਂ ਨਚਾਰਾਂ ਤੱਕ ਦਾ ਸਫ਼ਰ – ਜਦੋਂ ਉਸ ਬਜ਼ੁਰਗ ਦੀਆਂ ਅੱਖਾਂ ਚ’ ਹੰਝੂ ਆ ਗਏ …. ਵੱਧ ਤੋ ਵੱਧ ਸ਼ੇਅਰ ਕਰੋ ਜੀ

2274

ਇਹਨਾਂ ਦਿਨਾਂ ਦੀ ਹੀ ਤਿੰਨ ਕੁ ਸਾਲ ਪੁਰਾਣੀ ਗੱਲ ਏ ਕਿ ਕਿਸੇ ਸੱਜਣ ਦੇ ਘਰੇ ਬੈਠਿਆਂ ਵਿਸਾਖੀ ਦੇ ਨਾਮ ਤੇ ਲੱਗ ਰਹੇ ਅਸੱਭਿਆਚਾਰਕ ਮੇਲਿਆਂ ਦੀ ਗੱਲ ਚੱਲ ਪਈ | ਉਹਨਾਂ ਨੇ ਬੜੇ ਕਮਾਲ ਦੀ ਇੱਕ ਸੱਚੀ ਗੱਲ ਸੁਣਾਈ ਜਿਸ ਨੂੰ ਸੁਣਕੇ ਜ਼ਮੀਰ ਝੰਜੋੜੀ ਗਈ ਅਤੇ ਇਤਿਹਾਸ ਦੇ ਵਰਕੇ ਫਰੋਲਣ ਲਈ ਮਜ਼ਬੂਰ ਹੋ ਗਿਆ | ਇੰਝ ਮਹਿਸੂਸ ਹੁੰਦਾ ਏ ਕਿ ਜਿਵੇਂ ਸਾਡੀ ਮਾਨਸਿਕਤਾ ਅੰਬਰਾਂ ਦੀਆਂ ਉੱਚਾਈਆਂ ਤੋਂ ਖੱਡਿਆਂ ਚ’ ਆ ਡਿੱਗੀ ਹੋਵੇ |ਉਸ ਸੱਜਣ ਨੇ ਗੱਲ ਇਸ ਤਰਾਂ ਸੁਣਾਈ ਕਿ ਉਹ ਦਿੱਲੀ ਰਹਿੰਦੇ ਸਨ | ਉਹਨਾਂ ਦੇ ਕਿਸੇ ਨਜ਼ਦੀਕੀ ਸਬੰਧੀ ਦੀ ਬੇਟੀ ਦਾ ਵਿਆਹ ਸੀ | ਉਹ ਲੜਕੀ ਵਾਲਿਆਂ ਨਾਲ਼ ਗੁਰਦੁਆਰਾ ਸਾਹਿਬ ਦੇ ਦਰਵਾਜੇ ਅੱਗੇ ਬਰਾਤ ਦੀ ਉੱਡੀਕ ਕਰ ਰਹੇ ਸਨ | ਗੁਰਦੁਆਰਾ ਸਾਹਿਬ ਦੇ ਭਾਈ ਸਾਹਿਬ, ਜਿਹਨਾਂ ਨੇ ਅਰਦਾਸ ਕਰਨੀ ਸੀ ਬੜੀ ਚੜ੍ਹਦੀ ਕਲਾ ਵਾਲ਼ੇ, ਬਜ਼ੁਰਗੀ ਉੱਮਰ ਦੇ ਸਨ | ਉਹ ਵੀ ਉਹਨਾਂ ਦੇ ਨਾਲ ਹੀ ਖੜ੍ਹੇ ਸਨ ਅਤੇ ਖੁਸ਼ੀ ਦੇ ਮਹੌਲ ਮੁਤਾਬਿਕ ਸਾਰੇ ਗੱਲਾਂ ਬਾਤਾਂ ਕਰ ਰਹੇ ਸਨ |ਬਰਾਤ ਕੁੱਝ ਕੁ ਦੂਰੀ ਤੇ ਉੱਤਰ ਗਈ ਅਤੇ ਉਹਨਾਂ ਤੇ ਬੈਂਡ ਵਾਜਿਆ ਨਾਲ਼ ਤੁਰ ਕੇ ਗੁਰਦੁਆਰਾ ਸਾਹਿਬ ਵੱਲ ਵੱਧਣਾ ਸ਼ੁਰੂ ਕੀਤਾ | ਬਰਾਤੀ ਬੈਂਡ ਬਾਜਿਆਂ ਦੀਆਂ ਸੁਰਾਂ ਤੇ ਨੱਚ ਰਹੇ ਸਨ | ਉਸ ਸੜਕ ਤੇ ਭੀੜ ਵੀ ਕਾਫ਼ੀ ਸੀ ਪਰ ਬਰਾਤ ਨੇ ਸਿਰਫ਼ ਅੱਧਾ ਕੁ ਹਿੱਸਾ ਮੱਲਿਆ ਹੋਇਆ ਸੀ ਅਤੇ ਬਾਕੀ ਆਵਾਜ਼ਾਈ ਅੱਧੇ ਹਿੱਸੇ ਵਿੱਚ ਦੀ ਗੁਜ਼ਰ ਰਹੀ ਸੀ | ਅਰਦਾਸ ਕਰਨ ਵਾਲ਼ੇ ਬਜ਼ੁਰਗ ਭਾਈ ਸਾਹਿਬ ਕਦੇ ਆ ਰਹੀ ਬਰਾਤ ਵੱਲ ਤੇ ਕਦੇ ਬਰਾਤੀਆਂ ਵੱਲ ਤੱਕ ਕੇ ਗੁਜ਼ਰ ਰਹੀ ਆਵਾਜ਼ਾਈ ਵੱਲ ਗੌਹ ਨਾਲ਼ ਤੱਕ ਰਹੇ ਸੀ |

ਜਿਓਂ-ਜਿਓਂ ਬਰਾਤ ਉਹਨਾਂ ਦੇ ਨੇੜੇ ਆਉਂਦੀ ਗਈ ਭਾਈ ਸਾਹਿਬ ਦੇ ਚਿਹਰੇ ਦੀ ਖੁਸ਼ੀ ਗੰਭੀਰਤਾ ਅਤੇ ਚਿੰਤਾ ਵਿੱਚ ਬਦਲ ਗਈ | ਕਿਓਂਕਿ ਭਾਈ ਸਾਹਿਬ ਸੰਗਤ ਵਿੱਚ ਬੜੀ ਸਤਿਕਾਰਤ ਅਤੇ ਪਿਆਰ ਵਾਲ਼ੀ ਹਸਤੀ ਸਨ ਇਸ ਕਰਕੇ ਉਹਨਾਂ ਦੇ ਚਿਹਰੇ ਤੇ ਬਦਲਦੇ ਹਾਵ-ਭਾਵ ਆਲੇ-ਦੁਆਲੇ ਖੜੀ ਸੰਗਤ ਨੇ ਵੀ ਮਹਿਸੂਸ ਕਰ ਲਏ | ਕੁੱਝ ਕੁ ਸੱਜਣਾ ਨੇ ਭਾਈ ਸਾਹਿਬ ਤੋਂ ਇਸ ਦਾ ਕਾਰਨ ਪੁੱਛਿਆ, ਸ਼ੁਰੂ ਵਿਚ ਤਾਂ ਉਹਨਾਂ ਨੇ ਟਾਲਣ ਦੀ ਕੋਸ਼ਿਸ ਕੀਤੀ ਪਰ ਉਹਨਾਂ ਦੇ ਬੋਲਾਂ ਦੀ ਗੰਭੀਰਤਾ ਸੱਚ ਨਾ ਛੁੱਪਾ ਸਕੀ ਤੇ ਉਹਨਾਂ ਨੂੰ ਆਖ਼ਿਰ ਦੱਸਣਾ ਪਿਆ | ਬਜ਼ੁਰਗ ਅੱਖਾਂ ਵਿੱਚ ਹੰਝੂ ਭਰਕੇ ਕਹਿਣ ਲੱਗੇ ਅੱਜ ਮੈਂ ਖ਼ੁਦ ਨੂੰ ਬਹੁਤ ਬੇਵੱਸ ਅਤੇ ਲਾਚਾਰ ਜਿਹਾ ਸਮਝਦਾ ਹਾਂ | ਮੇਰੇ ਸਾਹਮਣੇ ਸਰਦਾਰਾਂ ਦੀਆਂ ਧੀਆਂ ਹਾਰ ਸ਼ਿੰਗਾਰ ਕਰਕੇ, ਵਾਲ਼ ਖਿਲਾਰ ਕੇ ਭੜਕੀਲੇ ਕੱਪੜੇ ਪਾ ਕੇ ਸੜਕ ਤੇ ਨੱਚਦੀਆਂ ਆ ਰਹੀਆਂ ਹਨ | ਉਹਨਾਂ ਵੱਲ ਕੋਲੋਂ ਦੀ ਲੰਘਣ ਵਾਲ਼ੇ ਬੱਸਾਂ, ਕਾਰਾ, ਰਿਕਸ਼ਿਆਂ, ਸਾਈਕਲਾਂ ਅਤੇ ਸਕੂਟਰਾਂ ਵਾਲ਼ੇ ਲੋਕ ਉਹਨਾਂ ਦਾ ਨਾਚ ਦੇਖ ਰਹੇ ਹਨ | ਸੜਕ ਤੇ ਖੜੇ ਲੋਕ ਬੀੜੀਆਂ ਦਾ ਧੂੰਆਂ ਛੱਡਦੇ ਹੋਏ ਉਹਨਾਂ ਦੇ ਨਾਚ ਨੂੰ ਨਿਹਾਰ ਰਹੇ ਨੇ | ਜਿਹੜੀ ਕੌਮ ਦੇ ਮਰਦ ਬਿਗਾਨੀਆਂ ਇੱਜਤਾਂ ਨੂੰ ਵੀ ਬਜ਼ਾਰਾਂ ਵਿੱਚ ਵਿੱਕਣ ਅਤੇ ਨੱਚਣ ਤੋਂ ਰੋਕ ਲੈਂਦੇ ਸਨ ਅੱਜ ਖੁਦ ਲੋਕਾਂ ਨੂੰ ਨੱਚ ਕੇ ਦਿੱਖਾ ਰਹੇ ਹਨ | ਐਯਾਸ਼ ਲੋਕ ਤਾਂ ਬਿਗਾਨਿਆਂ ਇਸਤਰੀਆਂ ਨੂੰ ਨਚਾ ਕੇ ਉਹਨਾਂ ਤੋਂ ਪੈਸੇ ਵਾਰ ਕੇ ਸੁੱਟਦੇ ਸਨ ਪਰ ਹੁਣ ਸਾਡੇ ਮੂਰਖ਼ ਆਪਣੀਆਂ ਬੱਚੀਆਂ ਤੋਂ ਹੀ ਪੈਸੇ ਵਾਰ ਕੇ ਸੁੱਟ ਰਹੇ ਨੇ | ਇਹ ਕਹਿੰਦਿਆਂ ਉਹਨਾਂ ਦਾ ਗਲਾ ਭਰ ਗਿਆ ਅਤੇ ਅੱਖਾਂ ਚੋਂ’ ਬੇਵਸੀ ਦੇ ਹੰਝੂ ਛਲਕ ਪਏ | ਗੱਲ ਦੱਸਣ ਵਾਲ਼ੇ ਸੱਜਣ ਕਹਿਣ ਲੱਗੇ ਕਿ ਉਹਨਾਂ ਦੀ ਇਹ ਗੱਲ ਸੁਣ ਕੇ ਅਸੀਂ ਵੀ ਸੁੰਨ ਜਿਹੇ ਹੋ ਗਏ | ਅਸੀਂ ਵੀ ਖੁਦ ਨੂੰ ਸ਼ਰਮਸ਼ਾਰ ਅਤੇ ਬੇਵੱਸ ਜਿਹਾ ਮਹਿਸੂਸ ਕੀਤਾ | ਉਹਨਾਂ ਦੇ ਦੱਸਣ ਮੁਤਾਬਿਕ ਇਹ ਕੋਈ 25 ਕੁ ਸਾਲ ਪੁਰਾਣੀ ਗੱਲ ਏ | ਹੁਣ ਤਾਂ 25 ਸਾਲਾਂ ਵਿੱਚ ਅਸੀਂ ਹੋਰ ਵੀ ਬਹੁਤ “ਤਰੱਕੀ” ਕਰ ਲਈ ਏ | 1699 ਈ: ਨੂੰ ਸ੍ਰੀ ਗੁਰੂ ਗੋਬਿੰਦ ਸਿੰਘ

ਸਾਹਿਬ ਜੀ ਨੇ ਵਿਸਾਖ਼ੀ ਵਾਲ਼ੇ ਦਿਨ ਆਮ ਦੱਬੇ-ਕੁੱਚਲੇ ਲੋਕਾਂ ਨੂੰ ਸਰਦਾਰੀਆਂ ਬਖਸ਼ ਕੇ ਸਰਦਾਰ ਬਣਾ ਦਿੱਤਾ | ਉਹਨਾਂ ਸਰਦਾਰਾਂ ਨੇ ਵੱਡੀਆਂ ਮੱਲਾਂ ਮਾਰੀਆਂ ਹਿੰਦੋਸਤਾਨੀਆਂ ਨੂੰ ਭੇਡਾਂ, ਬੱਕਰੀਆਂ ਵਾਂਗ ਕੁੱਟਣ ਵਾਲੇ ਮੁਗਲਾਂ ਨਾਲ਼ ਐਸਾ ਲੋਹਾ ਖੜਕਾਇਆ ਕਿ ਉਹਨਾਂ ਦਾ ਹਮਲ਼ੇ ਕਰਨ ਵਾਲ਼ਾ ਰਾਹ ਬੰਦ ਕਰ ਦਿੱਤਾ | ਐਸਾ ਖਾਲਸਾ ਰਾਜ ਕਾਇਮ ਕੀਤਾ ਜਿਸ ਦੀ ਮਿਸਾਲ ਅੱਜ ਤੱਕ ਨਹੀਂ ਲੱਭਦੀ | ਨਿੱਡਰ ਕੌਮ ਅਫ਼ਗਾਨੀਆਂ ਨੂੰ, ਐਸਾ ਡਰਾਇਆ ਕਿ ਉਹ ਨਲੂਏ ਦੇ ਨਾਮ ਤੋਂ ਕੰਬਣ ਲੱਗ ਪਏ | ਉਹਨਾਂ ਸਰਦਾਰਾਂ ਨੇ ਸਿਰ ਤਾਂ ਦਿੱਤੇ ਪਰ ਕਦੇ ਸਿਰੜ ਨਹੀਂ ਹਾਰਿਆ | ਉਹਨਾਂ ਗੁਰੂ ਦੀ ਬਖਸ਼ੀ ਸਰਦਾਰੀ ਨੂੰ ਬਾਦਸ਼ਾਹੀਆਂ ਤੋਂ ਵੀ ਉੱਪਰ ਸਮਝਿਆ ਅਤੇ ਵੱਡੇ ਤੋਂ ਵੱਡੇ ਰਾਜਿਆਂ ਅੱਗੇ ਵੀ ਸੀਨਾ ਤਾਣ ਕੇ ਅੱਖਾਂ ਵਿੱਚ ਅੱਖਾਂ ਪਾਕੇ ਗੱਲ ਕੀਤੀ | ਪਰ ਅੱਜ ਸਾਡੀ ਮਨੋਦਸ਼ਾ ਕੀ ਹੈ ? ਅੱਜ ਸਰਦਾਰਾਂ ਦੇ ਕਾਕੇ ਅਤੇ ਧੀਆਂ ਵੀ ਨਚਾਰਾਂ ਵਾਂਗ ਸਟੇਜਾਂ ਦਾ ਸ਼ਿੰਗਾਰ ਬਣ ਰਹੇ ਹਨ | ਅਸੀਂ ਖੁਦ ਆਪਣੀਆਂ ਧੀਆਂ ਭੈਣਾਂ ਨੂੰ ਸਟੇਜਾਂ ਤੇ ਨੱਚਾ ਰਹੇ ਹਾਂ ਅਤੇ ਖੁਦ ਉਹਨਾਂ ਦੀਆਂ ਵੀਡੀਓ ਬਣਾ ਕੇ ਸੋਸ਼ਲ ਮੀਡੀਏ ਤੇ ਪਾ ਰਹੇ ਹਾਂ ਤਾਂ ਕਿ ਲੋਕ ਵੀ ਸਾਡੀਆਂ ਧੀਆਂ-ਭੈਣਾਂ ਨੂੰ ਨੱਚਦੀਆਂ ਵੇਖ ਸਕਣ | ਵਿਦਵਾਨਾਂ ਮੁਤਾਬਿਕ ਵੀਹਵੀਂ ਸਦੀ ਦੇ ਅਖ਼ੀਰਲੇ ਦਹਾਕੇ ਵਿੱਚ ਇੱਕ ਗਿਣੀ-ਮਿੱਥੀ ਸਰਕਾਰੀ ਸਾਜਿਸ ਤਹਿਤ, ਖਾੜਕੂ ਲਹਿਰ ਦੇ ਦਬਣ ਤੋਂ ਤੁਰੰਤ ਉਪਰੰਤ ਪੰਜਾਬ ਵਿੱਚ ਸੱਭਿਆਚਾਰਕ ਮੇਲਿਆਂ ਨੂੰ ਲਹਿਰ ਦੇ ਰੂਪ ਵਿੱਚ ਪ੍ਰਚਾਰਿਆ ਗਿਆ | ਕੌਮ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਆਪਣੇ ਲੱਖਾਂ ਨੌਜਵਾਨਾਂ, ਥਾਣਿਆਂ ਵਿੱਚ ਬੇਪਤ ਹੋਈਆਂ ਬੀਬੀਆਂ,ਅਤੇ ਕੁੱਲ ਵਾਪਰੇ ਵਰਤਾਰੇ ਦਾ ਚਿੰਤਨ ਕਰਨ ਦਾ ਮੌਕਾ ਹੀ ਨਹੀਂ ਦਿੱਤਾ ਗਿਆ | ਅਸੀਂ ਆਪਣੇ ਆਦਰਸ਼ਾਂ ਲਈ ਲੜਦੇ-ਲੜਦੇ ਹਥਿਆਰਾਂ ਤੋਂ ਸਿੱਧਾ ਨੱਚਣ-ਗਾਉਣ ਵੱਲ ਆ ਗਏ | ਇਹ ਉੱਚੇ ਕਿਰਦਾਰ ਵਾਲੇ ਸਰਦਾਰ ਕਦੋਂ ਸਟੇਜਾਂ ਤੇ ਨੱਚਣ ਲੱਗ ਪਏ ਪਤਾ ਹੀ ਨਹੀਂ ਲੱਗਿਆ | ਅੱਜ-ਕੱਲ ਦੇ ਮਹੌਲ ਨੂੰ ਦੇਖ ਕੇ ਇਸ ਤਰਾਂ ਲੱਗਦਾ ਏ ਜਿਵੇ 1978 ਤੋਂ ਬਾਅਦ ਜੋ ਵਾਪਰਿਆ ਉਹ ਸੁਪਨਾ ਹੀ ਹੋਵੇ ਅਤੇ 1984 ਵੀ ਸ਼ਾਇਦ ਕਿਤਾਬੀ ਗੱਲਾਂ ਹੀ ਹੋਣ | ਮੇਰੀ ਕੌਮ ਦਿਓ ਵਾਰਸੋ ! ਆਪਣਾ ਅਸਲਾ ਪਛਾਣੋ | ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁੱਝ ਨਹੀਂ ਬਿਗੜਿਆ। ਜੇਕਰ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਉਸ ਨੂੰ ਭੁੱਲਿਆ ਨਹੀਂ ਕਹਿੰਦੇ।ਜਿਹਨਾਂ ਸਰਦਾਰਾਂ ਦੇ ਕਿਰਦਾਰ ਦੀ ਗੱਲ ਕਰਦਿਆਂ ਦੁਸ਼ਮਣ ਵੀ ਵਾਹ! ਵਾਹ! ਕਰ ਉੱਠਦਾ ਸੀ ਉਸ ਸਰਦਾਰ ਨੂੰ ਸਟੇਜਾਂ ਦਾ ਨਚਾਰ ਨਾ ਬਣਾਓ | ਗੁਰੂ ਸਾਹਿਬ ਨੇ ਜਿਹਨਾਂ ਨੂੰ “ਕੌਰ” ਨਾਮ ਦੇਕੇ ਸ਼ਹਿਜ਼ਾਦੀਆਂ ਬਣਾਇਆ ਸੀ ਉਹਨਾਂ ਨੂੰ ਨੱਚਣ ਨਾ ਲਾਓ |