ਸਿੱਖੀ ਦੇ ਉੱਜਵਲ ਭਵਿੱਖ ਲਈ ਸਿੱਖ ਬੀਬੀਆਂ ਨੂੰ ਗੁਰਮਤਿ ਅਤੇ ਇਤਿਹਾਸਿਕ ਪੱਖ ਤੋਂ ਜਾਗਰੂਕ ਹੋਣ ਦੀ ਬਹੁਤ ਵੱਡੀ ਲੋੜ -: ਹਰਪਾਲ ਕੌਰ

1508

ਮੇਰੀਆਂ ਮਾਤਾਵਾਂ, ਭੈਣਾਂ ਅਤੇ ਵੀਰਾਂ ਨੂੰ ਜੇਕਰ ਕੋਈ ਗੱਲ ਚੰਗੀ ਨਾ ਲਗੇ ਤੇ ਮੈ ਮਾਫੀ ਚਾਹੁੰਦੀ ਹਾਂ। ਆਮ ਤੌਰ ‘ਤੇ ਸਮਾਜ ਵਿਚ ਵਿਚਰਦਿਆਂ ਅਸੀਂ ਆਪਣੇ ਆਲੇ ਦੁਆਲੇ ਹੋ ਰਹੇ ਰੀਤੀ ਰਿਵਾਜਾਂ ਅਤੇ ਹੋਰ ਪਿਛ ਲੱਗੂ ਗੱਲਾਂ ਤੋਂ ਬਹੁਤ ਜਲਦੀ ਪ੍ਰਭਾਵਿਤ ਹੋ ਜਾਂਦੇ ਹਾਂ। ਕਿਸੇ ਉਸਾਰੂ ਕੰਮ ਤੋਂ ਜਾਂ ਅਗਾਂਹ ਵਧੂ ਪਹਿਲੂ ਨੂੰ ਲੈ ਕੇ ਪ੍ਰਭਾਵਿਤ ਹੋਣਾ ਬਹੁਤ ਚੰਗੀ ਗੱਲ ਹੈ। ਪਰ ਜੋ ਕੰਮ ਸਾਡੀ ਸੋਚ ਦਾ ਪੱਧਰ ਨੀਵਾਂ ਕਰਦੇ ਹੋਣ ਓਹਨਾ ਤੋਂ ਦੂਰ ਰਹਿਣ ਵਿਚ ਹੀ ਭਲਾਈ ਹੁੰਦੀ ਹੈ। ਗੁਰੂ ਨਾਨਕ ਦੇ ਸਿੱਖ ਅਖਵਾਉਣ ਵਾਲੇ ਵੀ ਅੱਜ ਅੱਜ ਲਕੀਰ ਦਾ ਫ਼ਕੀਰ ਬਣ ਕੇ ਰਹਿ ਗਏ ਹਨ। ਦੋ ਚਾਰ ਲੋਕ ਜਦ ਆਪਸ ਵਿਚ ਮਿਲਦੇ ਹਨ ਤਾਂ ਗਿਆਨ ਦੀ ਗੱਲ ਸ਼ਾਇਦ ਹੀ ਕਿਸੇ ਕੋਲੋਂ ਹੀ ਸੁਣਨ ਲਈ ਮਿਲੇ ਪਰ ਹਾਂ ਕਰਮਕਾਂਡ, ਅੰਧਵਿਸ਼ਵਾਸ , ਵਹਿਮ ਭ੍ਰਮ ਜਿਹਨਾਂ ਦੀ ਲਿਸਟ ਲਿਸਟ ਬਹੁਤ ਲੰਬੀ ਹੈ, ਇਹਨਾਂ ਗੱਲਾਂ ਦੀ ਜਾਣਕਾਰੀ ਛੋਟੇ ਤੋਂ ਲੈ ਕੇ ਵੱਡੇ ਤਕ ਹੁੰਦੀ ਹੈ ਅਤੇ ਪੀੜ੍ਹੀ ਦਰ ਪੀੜ੍ਹੀ ਚੱਲੀ ਆ ਰਹੀ ਹੈ। ਆਪਣੀ ਕਿਸੇ ਨਾ ਕਿਸੇ ਅੰਦਰੂਨੀ ਕਮਜ਼ੋਰੀ ਦੀ ਵਜ੍ਹਾ ਕਰਕੇ ਅਸੀਂ ਜਾਣੇ ਅਣਜਾਣੇ ਇਸ ਭੇਡ ਚਾਲ ਦਾ ਸ਼ਿਕਾਰ ਬਣ ਜਾਂਦੇ ਹਾਂ। ਅੱਜ ਸਿੱਖੀ ਦਾ ਬੇੜਾ ਗਰਕ ਹੋਣ ਦਾ ਸਭ ਤੋਂ ਵਡਾ ਕਾਰਨ ਇਹੀ ਬ੍ਰਾਹਮਣੀ ਸੋਚ ਹੈ।

ਆਪਣੇ ਜੀਵਨ ਵਿਚ ਸੁੱਖਾਂ ਦੀ ਪ੍ਰਾਪਤੀ ਲਈ ਅਸੀਂ ਵਹਿਮਾਂ ਭਰਮਾਂ, ਕਰਮ ਕਾਂਡ ਅਤੇ ਅੰਧ ਵਿਸ਼ਵਾਸ ਦਾ ਸਹਾਰਾ ਲੈਂਦੇ ਹਾਂ। ਇਹਨਾਂ ਕੰਮਾਂ ਨੂੰ 70% ਮਾਨਤਾ ਬੀਬੀਆਂ ਵਲੋਂ ਹੀ ਦਿੱਤੀ ਜਾਂਦੀ ਹੈ। ਜਦ ਵੀ ਦੋ ਚਾਰ ਭੈਣਾਂ ਦਾ ਇਕੱਠ ਹੁੰਦਾ ਹੈ ਤਾਂ ਉਹਨਾਂ ਵਿਚ ਡੇਰੇ, ਮੜ੍ਹੀਆਂ, ਜਠੇਰੇ , ਜੰਤਰ ਮੰਤਰ, ਨਗ, ਧਾਗੇ ਆਦਿਕ ਦੀ ਗੱਲ ਜਿਆਦਾ ਕੀਤੀ ਜਾਂਦੀ ਹੈ ਅਤੇ ਬਸ ਦੇਖਾ ਦੇਖੀ ਅਸੀ ਇਕ ਦੂਜੇ ਦੇ ਪਿਛੇ ਤੁਰਨਾ ਸ਼ੁਰੂ ਕਰ ਦਿੰਦੇ ਹਾਂ। ਇਸ ਬ੍ਰਾਹਮਣੀ ਸੋਚ ਤੋਂ ਉੱਚਾ ਉੱਠਣ ਲਈ ਰੋਸ਼ਨੀ ਕੇਵਲ ਤੇ ਕੇਵਲ 35 ਮਹਾਪੁਰਖਾਂ ਦੇ ਗਿਆਨ ਸੋਮੇ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਰਾਹੀਂ ਹੀ ਪ੍ਰਾਪਤ ਹੋ ਸਕਦੀ ਹੈ। ਮੜ੍ਹੀ ਪੂਜਣ ਬਾਰੇ ਗੁਰੂ ਨਾਨਕ ਸਾਹਿਬ ਜੀ :- ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ ॥ ਮੂਰਤੀ ਪੂਜਾ- ਨਿਰਜਿੰਦ ਮੂਰਤੀ ਦੀ ਪੂਜਾ ਕਰਨ ਦਾ ਕੀ ਲਾਭ? ਮੂਰਤੀ ਪੂਜਾ ਬਾਰੇ ਕਬੀਰ ਸਾਹਿਬ ਦਾ ਫੁਰਮਾਨ : – ਪਾਖਾਨ ਗਢਿ ਕੈ ਮੂਰਤਿ ਕੀਨ੍ਹ੍ਹੀ ਦੇ ਕੈ ਛਾਤੀ ਪਾਉ ॥ ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ ॥ ਵਰਤ ਰੱਖਣਾ – ਕਿਸੇ ਮਨੋਕਾਮਨਾ ਪੂਰਤੀ ਲਈ ਜਾਂ ਪਤੀ ਦੀ ਲੰਬੀ ਉਮਰ ਲਈ ਇਸਤਰੀਆਂ ਵਰਤ ਰੱਖਦੀਆਂ ਹਨ – ਛੋਡਹਿ ਅੰਨੁ ਕਰਹਿ ਪਾਖੰਡ ਨਾ ਸੋਹਾਗਨਿ ਨਾ ਉਹ ਰੰਡ।।  ਅੰਨੁ ਨ ਖਾਇਆ ਸਾਦੁ ਗਵਾਇਆ।। ਬਹੁ ਦੁਖ ਪਾਇਆ ਦੂਜਾ ਭਾਇਆ।।
ਅੰਨੁ ਨ ਖਾਹਿ ਦੇਹੀ ਦੁਖੁ ਦੀਜੈ ॥ਬਿਨੁ ਗੁਰ ਗਿਆਨ ਤ੍ਰਿਪਤਿ ਨਹੀ ਥੀਜੈ ॥ ਸ਼ਰਾਧ, ਜਠੇਰੇ:- ਸਾਡੇ ਘਰਾਂ ਵਿਚ ਵੱਡੇ ਵਡੇਰਿਆਂ ਦੇ ਨਾਂ ਤੇ ਹਰ ਸਾਲ ਪੰਜ ਸਿੰਘਾਂ ਨੂੰ ਲੰਗਰ ਛਕਾਇਆ ਜਾਂਦਾ ਅਤੇ ਜਠੇਰਿਆਂ ਦੇ ਵੀ ਘਿਓ ਦੁੱਧ ਲਿਜਾਇਆ ਜਾਂਦਾ ਹੈ ਜੋ ਗਲਤ ਹੈ – ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ ॥ ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ ॥

ਪਾਠਾਂ ਦੀਆਂ ਲੜੀਆਂ, ਗਿਣਤੀ ਦੇ ਪਾਠ (ਮਾਲਾ ਫੇਰਨੀ) :- ਲਗਭਗ 90% ਗੁਰਦਵਾਰਿਆਂ ਵਿਚ ਅਖੰਡ ਪਾਠ, ਸੁਖਮਨੀ ਸਾਹਿਬ ਪਾਠ, ਤੇ ਹੋਰ ਅਨੇਕ ਤਰਾਂ ਦੀਆਂ ਪਾਠ ਦੀਆਂ ਲੜੀਆਂ ਦਾ ਕੀ ਫਾਇਦਾ ਜੇ ਗੁਰਬਾਣੀ ਦਾ ਉਪਦੇਸ਼ ਤੋਂ ਹੀ ਬਾਂਝੇ ਰਹੇ – ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ।। ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ।। ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ।|ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ।। ਨਾਨਕ ਲੇਖੈ ਇਕ ਗੱਲ ਹੋਰ ਹਉਮੈ ਝਖਣਾ ਝਾਖ।। ਸੂਰਜ ਨੂੰ ਪਾਣੀ ਦੇਣਾ, ਮੱਸਿਆ ਨਹਾਉਣਾ, ਸਰੋਵਰ ਜਲ ਨੂੰ ਅੰਮ੍ਰਿਤ ਸਮਝ ਕੇ ਪੀਣਾ, ਘਰ ਅੰਮ੍ਰਿਤ ਦੇ ਛਿੱਟੇ ਦੇਣਾ, ਧਾਗੇ ਤਵੀਤ ਕਰਨਾ ,ਚਲੀਏ ਸੁੱਖਣਾ ਜਠੇਰੇ ਮੰਨਣਾ, ਆਦਿਕ। – ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ ॥ ਡੇਰਿਆਂ ਉੱਤੇ ਸਾਧਾਂ ਦੀ ਪੂਜਾ ਅਤੇ ਦੇਹਧਾਰੀ ਗੁਰੂ ਬਾਰੇ: – ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ।। ਨੰਗੇ ਪੈਰ ਗੁਰਦਵਾਰੇ ਜਾਣਾ, ਨੱਕ ਰਗੜਨਾ, ਚੋਲੇ ਪਾਉਣੇ ਜਾਂ ਹੋਰ ਭੇਖੀ ਬਸਤ੍ਰ – ਸਤਿਗੁਰ ਜੀ ਫੁਰਮਾਉਂਦੇ ਹਨ ਕਿ ਦੇਹ ਨੂੰ ਦੁੱਖ ਦੇਣ ਨਾਲ ਕੂੜ ਦੀ ਕੰਧ ਟੁੱਟ ਨਹੀਂ ਸਕਦੀ – ਪਗ ਉਪੇਤਾਣਾ।। ਆਪਣਾ ਕੀਆ ਕਮਾਣਾ।। ਬਹੁ ਭੇਖ ਕੀਆ ਦੇਹੀ ਦੁਖੁ ਦੀਆ ਸਹੁ ਵੇ ਜੀਆ ਅਪਣਾ ਕੀਆ ॥ ਤੀਰਥ ਇਸ਼ਨਾਨ,ਪੂਜਾ ਪਾਠ, ਤਪ ਅਤੇ ਦਾਨ :- ਸਾਡੇ ਜੀਵਨ ਦਾ ਬਹੁਤਾ ਹਿਸਾ ਤੀਰਥ ਯਾਤਰਾ, ਪੂਜਾ ਪਾਠਾਂ ਅਤੇ ਦਾਨ ਪੁੰਨ ਕਰਨ ਵਿਚ ਹੀ ਚਲਾ ਜਾਂਦਾ ਹੈ ਪਰ ਇਸ ਤਰਾਂ ਕਰਨ ਨਾਲ ਵੀ ਕੋਈ ਵੱਡਾ ਪੁੰਨ ਨਹੀਂ ਮਿਲਦਾ – ਤੀਰਥੁ ਤਪੁ ਦਇਆ ਦਤੁ ਦਾਨੁ ॥ ਜੇ ਕੋ ਪਾਵੈ ਤਿਲ ਕਾ ਮਾਨੁ ॥ ਵਹਿਮ ਭਰਮ [ ਛਿੱਕ, ਪੌਣ, ਬਿੱਲੀ ਦਾ ਰਸਤਾ ਕੱਟਣਾ, ਨਿੰਬੂ ਮਿਰਚਾਂ ਟੰਗਣੀਆਂ, ਕੱਚ ਦਾ ਟੁੱਟਣਾ, ਤੇਲ ਚੋਣਾਂ ,ਚੜ੍ਹਦੇ ਲਹਿੰਦੇ ਦੀ ਵਿਚਾਰ, ਮੰਗਲ,ਵੀਰ, ਸ਼ਨੀ ਦੀ ਵਿਚਾਰ, ਨਜ਼ਰ ਲੱਗਣੀ, ਹੱਥ ਹੌਲਾ ਕਰਾਉਣਾ, ਮੰਗਲੀਕ, ਟੇਵੇ ਮਿਲਾਉਣਾ ਆਦਿਕ। – ਮਨਮੁਖ ਸਦਾ ਕੂੜਿਆਰ ਭਰਮਿ ਭੁਲਾਣਿਆ।। ਸ਼ਰਧਾ

sikh lady

ਗੁਰੂ ਗਰੰਥ ਸਾਹਿਬ ਜੀ ਦੇ ਦਰਸ਼ਨ ਤੋਂ ਪਹਿਲਾਂ ਪੌੜੀਆਂ ਨੂੰ ਮੱਥਾ, ਝੰਡੇ (ਆਮ ਤੌਰ ‘ਤੇ ਨਿਸ਼ਾਨ ਸਾਹਿਬ) ਨੂੰ ਮੱਥਾ, ਜੋੜ੍ਹਿਆਂ ਨੂੰ ਮੱਥਾ, ਪੀੜ੍ਹੇ ਨੂੰ ਮੱਥਾ ਟੇਕਣਾ, ਚਰਨ ਧੂੜ ਮੱਥੇ ਨੂੰ ਲਾਉਣਾ, ਆਰਤੀ ਸਮੇਂ ਗੁਰੂ ਗਰੰਥ ਸਾਹਿਬ ਜੀ ਤੇ ਫੁਲਾਂ ਦੀ ਵਰਖਾ ਕਰਨਾ, ਜੋਤ ਜਗਾਉਣਾ, ਅਖੰਡ ਪਾਠ ਸਮੇਂ ਕੁੰਭ ਨਾਰੀਅਲ ਆਦਿਕ, ਇਹ ਸਾਰੇ ਅਸੀਂ ਸ਼ਰਧਾ ਵੱਸ ਕਰ ਰਹੇ ਹਾਂ ਜਦਕਿ ਅਜਿਹਾ ਕਰਨ ਦਾ ਕੋਈ ਲਾਭ ਨਹੀਂ ਹੈ: – ਬਿਨੁ ਸਤਿਗੁਰ ਕੋ ਮਗੁ ਨ ਜਾਣੈ ਅੰਧੇ ਠਉਰ ਨ ਕਾਈ॥ ਹਰਿ ਸੁਖਦਾਤਾ ਮਨਿ ਨਹੀਂ ਵਸਿਆ ਅੰਤ ਗਇਆ ਪਛੁਤਾਈ।। ਉਪਰੋਕਤ ਸਾਰੀਆਂ ਚੀਜ਼ਾਂ ਤੋਂ ਉਪਰ ਉੱਠਣ ਲਈ ਹਰ ਇਕ ਸਿੱਖ ਨੂੰ ਗੁਰਬਾਣੀ ਰਾਂਹੀ ਗਿਆਨਵਾਨ ਹੋਣਾ ਬਹੁਤ ਜਰੂਰੀ ਹੈ ਤੇ ਗਿਆਨ ਕੇਵਲ ਪੜ੍ਹਨ ਦੇ ਨਾਲ ਹੀ ਆ ਸਕਦਾ ਹੈ। ਇਤਿਹਾਸਿਕ ਜਾਣਕਾਰੀ :- ਪੰਥ ਵਿਰੋਧੀਆਂ ਰਾਹੀਂ ਜਾਂ ਪੂਰੀ ਇਤਿਹਾਸਿਕ ਜਾਣਕਾਰੀ ਨਾ ਹੋਣ ਦੇ ਕਾਰਨ ਪ੍ਰਚਾਰਕਾਂ ਵਲੋਂ ਕਈ ਅਜਿਹੀਆਂ ਸਾਖੀਆਂ ਗੁਰੂ ਸਾਹਿਬਾਨਾਂ ਦੇ ਜੀਵਨ ਨਾਲ ਜੋੜ ਦਿਤੀਆਂ ਗਈਆਂ ਹਨ ਜਿਹਨਾਂ ਨੂੰ ਗੁਰਮਤਿ ਵਿਚ ਕੋਈ ਥਾਂ ਨਹੀਂ ਹੈ ਅਤੇ ਇਹਨਾਂ ਸਾਖੀਆਂ ਨੂੰ ਆਪਣੇ ਬੱਚਿਆਂ ਨੂੰ ਸੁਣਾਉਣ ਤੋਂ ਪਹਿਲਾ ਸਾਨੂੰ ਖੁਦ ਨੂੰ ਵੀ ਇਸ ਬਾਰੇ ਸਹੀ ਜਾਣਕਾਰੀ ਲੈਣੀ ਚਾਹੀਦੀ ਹੈ | ਭੁੱਲ ਚੁੱਕ ਮੁਆਫ ਕਰਨਾ ਜੀ|