SGPC ਵਲੋਂ ਸਿੱਖ ਜਥਾ ਪਾਕਿਸਤਾਨ ਨਾ ਭੇਜਣਾ ਪੰਥ ਵਿਰੋਧੀ ਫ਼ੈਸਲਾ :- ਭਾਈ ਹਰਜਿੰਦਰ ਸਿੰਘ ਮਾਝੀ

779

ਗੁਰੂ ਅਰਜਨ ਸਾਹਿਬ  ਦਾ ਸ਼ਹੀਦੀ ਦਿਵਸ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 16 ਜੂਨ ਨੂੰ ਮਨਾਇਆ ਜਾ ਰਿਹਾ ਹੈ ਪਰ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਬੰਧਕ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਨ ਦੇ ਸਮੱਰਥ ਨਹੀਂ ਹਨ ਜਿਸ ਕਾਰਨ ਕੌਮ ‘ਚ ਇਤਿਹਾਸਿਕ ਦਿਹਾੜਿਆਂ ਸਬੰਧੀ ਹਮੇਸ਼ਾ ਭੰਬਲਭੂਸਾ ਪੈਦਾ ਕਰਨ ਵਾਲੀ ਭੂਮਿਕਾ ਨਿਭਾਉਂਦੇ ਰਹੇ ਹਨ। ਭਾਈ ਹਰਜਿੰਦਰ ਸਿੰਘ ਮਾਝੀ ਨੇ

ਇਹ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਲੰਮੇਂ ਸਮੇਂ ਤੋਂ ਮੂਲ ਨਾਨਕਸ਼ਾਹੀ ਕੈਲੰਡਰ ‘ਤੇ ਡੱਟ ਕੇ ਪਹਿਰਾ ਦੇਣਾ ਸਮੁੱਚੀ ਕੌਮ ਲਈ ਮਾਣ ਵਾਲੀ ਗੱਲ ਹੈ ਪਰ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਸ਼੍ਰੋ. ਕਮੇਟੀ ਅਧੀਨ ਇਤਿਹਾਸਕ ਗੁਰਧਾਮਾਂ ‘ਤੇ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦੀ ਥਾਂ ਪਾਕਿਸਤਾਨ ‘ਚ ਸਥਿਤ ਇਤਿਹਾਸਕ ਗੁਰਦਵਾਰਿਆਂ ‘ਚ ਵੀ ਮਿਲਗੋਭਾ ਕੈਲੰਡਰ ਕਿਉਂ ਲਾਗੂ ਕਰਨਾ ਚਾਹੁੰਦੇ ਹਨ? ਭਾਈ ਹਰਜਿੰਦਰ ਸਿੰਘ ਮਾਝੀ ਨੇ ਕਿਹਾ ਕਿ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਹਾੜੇ ਮੌਕੇ ਕੈਲੰਡਰ ਦਾ ਬਹਾਨਾ ਬਣਾ ਕੇ ਸ਼੍ਰੋਮਣੀ ਕਮੇਟੀ ਵਲੋਂ ਸਿੱਖਾਂ ਦਾ ਜਥਾ ਗੁਰਦਵਾਰਾ ਡੇਹਰਾ ਸਾਹਿਬ ਲਾਹੌਰ ਵਿਖੇ ਨਾ ਭੇਜਣਾ ਅਤਿ ਨਿੰਦਣਯੋਗ ਅਤੇ ਪੰਥ ਵਿਰੋਧੀ ਫ਼ੈਸਲਾ ਹੈ ਜਿਸ ਦਾ ਜਾਗਦੇ ਸਿਰਾਂ ਵਾਲੇ ਸਿੱਖਾਂ ਨੂੰ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਰਐਸਐਸ ਸਮੇਤ ਪੰਥ ਵਿਰੋਧੀ ਸ਼ਕਤੀਆਂ ਵੀ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਦੀਆਂ ਹਨ ਅਤੇ ਸ਼੍ਰੋਮਣੀ ਕਮੇਟੀ ਵੀ ਮੂਲ ਨਾਨਕਸ਼ਾਹੀ ਕੈਲੰਡਰ ਦੇ ਹਮੇਸ਼ਾ ਵਿਰੋਧ ‘ਚ ਭੁਗਤਦੀ ਹੈ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਬੰਧਕ ਆਰਐਸਐਸ ਵਾਲੀ ਬੋਲੀ ਬੋਲ ਰਹੇ ਹਨ।